122 ਸਾਲ ਦਾ ਬਾਬਾ, ਜੋ ਅਜੇ ਵੀ ਜਵਾਨ ਹੈਬਾਬੇ ਨੇ ਆਪਣੀ ਮਹਿਮਾਨ ਨਵਾਜ਼ੀ ਦਾ ਨਮੂਨਾ ਪੇਸ਼ ਕਰਦਿਆਂ ਪੋਤਰੇ ਨੂੰ ਆਵਾਜ਼ ਦਿੱਤੀ “ਓਏ ਕਾਕਾ, ਮੁੰਡੇ ਵਾਸਤੇ ਕੁਝ ਬਣਾਓ, ਜੋ ਇਹ ਖਾਵੇ ਓਏ ਇੰਜ ਕਰ, ਜਾ ਕੇ ਮੁਰਗੀ ਬਣਾ ਤੇ ਆਂਡੇ ਵੀ ਬਣਾ ਲੈ ” ਫਿਰ ਮੇਰੇ ਵੱਲ ਮੁੜਦਿਆਂ ਕਿਹਾ, “ਕਾਕਾ ਪੈੱਗ-ਸ਼ੈੱਗ ਲਾਵੇਂਗਾ ?”

ਮੈਂ ਬਾਬੇ ਦੀ ਸੇਵਾ ਕਰਨ ਦੀ ਉਤਸੁਕਤਾ ਦੇਖ ਹੱਸਦਿਆਂ ਕਿਹਾ “ਬਾਬਾ ਜੀ ਮੈਂ ਤਾਂ ਮੂੰਗੀਖ਼ੋਰ ਹਾਂ, ਮੁਰਗੀਖ਼ੋਰ ਨਹੀਂ ”

“ਤਾਂ ਕੀ ਹੋਇਆ ਓਏ ਫਿਰ ਜ਼ਰਦਾ (ਮਿੱਠੇ ਚਾਵਲ) ਬਣਾ ਲੌ, ਪ੍ਰਸ਼ਾਦ ਬਣਾ ਲੌ, ਇੰਝ ਕਰ ਕਾਕਾ ਜਾ ਕੇ ਪਹਿਲਾਂ ਕਿਲੋ ਦੁੱਧ ਲੈ ਆ, ਕਾੜ ਕੇ ਲਿਆਈਂ, ਗਾਂ ਦਾ ਨਹੀਂ ਗਾਂ ਦਾ ਦੁੱਧ ਮੈਨੂੰ ਕਬਜ਼ ਕਰਦਾ ਆ, ਮੈਂ ਨੀਂ ਪੀਂਦਾ” ਬਾਬੇ ਨੇ ਪੋਤੇ ਨੂੰ ਆਰਡਰ ਕਰਦਿਆਂ ਅਖੀਰਲੀ ਗੱਲ ਮੈਨੂੰ ਸੰਬੋਧਿਤ ਕੀਤੀ

ਹੈਂ !!! ਇੱਕ ਕਿਲੋ ਦੁੱਧ ਤੇ ਉੱਤੋਂ ਪ੍ਰਸ਼ਾਦ, ਮਾਰੇ ਗਏ ” ਜਿਵੇਂ ਮੇਰੇ ਅੰਦਰੋਂ ਕੋਈ ਟੱਪ ਉੱਠਿਆ ਸੀ “ਛੱਡੋ ਬਾਬਾ ਜੀ, ਦੁੱਧ ਦੱਧ ਫੇਰ ਵੇਖਾਂਗੇ, ਪਹਿਲਾਂ ਕੋਈ ਨਵੀਂ ਪੁਰਾਣੀ ਗੱਲ ਬਾਤ ਸੁਣਾਓ ”

“ਕੋਈ ਨੀਂ ਗੱਲ ਬਾਤ ਵੀ ਕਰਦੇ ਆਂ” ਤੇ ਪੋਤਰੇ ਨੂੰ ਜਿਵੇਂ ਝਿੜਕ ਮਾਰੀ ਸੀ, “ਓਏ ਤੂੰ ਗਿਆ ਨੀਂ ਅਜੇ ਤੱਕ ?”

“ਅਸਲ ਵਿੱਚ ਬਾਬਾ ਜੀ ਮੈਂ ਰੋਟੀ ਹੁਣੇ ਖਾ ਕੇ ਆਇਆ ਹਾਂ ਤੇ ਹੁਣ ਕੁਝ ਖਾਣ ਪੀਣ ਦੀ ਕਪੈਸਟੀ ਹੀ ਨਹੀਂ ”

“ਤੂੰ ਕੀ ਗੱਲ ਕਰਦਾ ਹੈਂ ਕਾਕਾ, ਦੇਖ ਬੁਰਾ ਤਾਂ ਮਨਾਈਂ ਨਾਂ, ਮੇਰਾ ਹੁਣ ਤਾਂ ਪੈੱਗ ਲੱਗਿਐ ਤੇ ਥੋੜਾ ਚਿਰ ਠਹਿਰ ਕੇ ਡੇਢ ਕਿਲੋ ਦੁੱਧ ਮੇਰੇ ਸਿਹਰਾਣੇ ਰੱਖ ਦੇਣਗੇ, ਜਦੋਂ ਜੀ ਕੀਤਾ ਪੀ ਜਾਊਂ ਡੇਢ ਕਿਲੋ ਤਾਂ ਹੋ ਗਿਆ ਹਾਅ ਤੇ ਦਿਨ ਵਾਲਾ ਮੈਂ ਗਿਣਦਾ ਨਹੀਂ ” ਬਾਬੇ ਦੀ ਗੱਲ ਸੁਣ ਕੇ ਮੈਨੂੰ ਲੱਗਾ ਜਿਵੇਂ ਕੱਦ ਵਿੱਚ ਮੈਥੋਂ ਗਿੱਠ ਛੋਟਾ ਬਾਬਾ ਜਿਵੇਂ ਉੱਪਰ ਵੱਲ ਵਧਣ ਲੱਗ ਪਿਆ ਹੋਵੇ ਤੇ ਮੈਨੂੰ ਮੂੰਹ ਉੱਪਰ ਕਰਕੇ ਦੇਖਣਾ ਪੈ ਰਿਹਾ ਹੋਵੇ “ਪੈਂਤੀ ਤੀਆ ਇੱਕ ਸੌ ਪੰਜ” ਹਾਂ ਤਿੰਨ ਗੁਣਾਂ ਤੋਂ ਵੀ ਵੱਧ ਦਾ ਫ਼ਰਕ ਹੈ ਮੇਰੀ ਤੇ ਬਾਬੇ ਦੀ ਉਮਰ ਵਿੱਚ ਬੜੀ ਸ਼ਰਮ ਆਈ ਕਿ ਏਨੇ ਬਜ਼ੁਰਗ ਬੰਦੇ ਦਾ ਹਾਜ਼ਮਾਂ ਏਨਾ ਦਰੁਸਤ ਹੈ ਤੇ ਏਨੀ ਖੁਰਾਕ ਅੱਜ ਵੀ ਖਾ ਸਕਦਾ ਹੈ ਕਿ ਨੌਜਵਾਨ ਪੀੜੀ ਕਿਤੇ ਪਿੱਛੇ ਰਹਿ ਜਾਵੇ ਪਰ ਇਹ ਅਟਲ ਸਚਾਈ ਹੈ ਕਿ ਜ਼ਿਆਦਾਤਰ ਨੌਜਵਾਨ ਅਜਿਹੇ ਹੀ ਹਨ ਜੋ ਕਿ ਬਹੁਤ ਘੱਟ ਪਚਾ ਸਕਦੇ ਹਨ ਜਾਪਦਾ ਹੈ ਕਿ ਬਾਬੇ ਨੇ ਆਧੁਨਿਕ ਜਵਾਨੀ ਦਾ ਖੋਖਲਾਪਣ ਫਿਰੋਲ ਕੇ ਸਾਹਮਣੇ ਲਿਆ ਰੱਖਿਆ ਸੀ

ਅਸਲ ਵਿੱਚ ਮੈਂ ਕੋਟਕਪੂਰਾ ਦੇ ਨਜ਼ਦੀਕ ਕੋਠੇ ਬੱਲਾਂ ਵਾਲੇ (ਜ਼ਿਲਾ ਫਰੀਦਕੋਟ) ਦੇ 122 ਸਾਲਾਂ ਦੇ ਬਜ਼ੁਰਗ ਸ੍ਰ: ਸੁਲੱਖਣ ਸਿੰਘ ਨੁੰ ਮਿਲਣ ਗਿਆ ਸੀ, ਜਿਨਾਂ ਦੀ ਉਮਰ ਰਾਸ਼ਨ ਕਾਰਡ ਦੇ ਹਿਸਾਬ ਨਾਲ 122 ਸਾਲ ਹੈ ਉਹ ਇਹ ਦਾਅਵਾ ਕਰਦੇ ਹਨ ਕਿ ਜੇਕਰ ਪਾਕਿਸਤਾਨ ਵਿੱਚੋਂ ਰਿਕਾਰਡ ਮੰਗਵਾ ਕੇ ਦੇਖਿਆ ਜਾਵੇ ਤਾਂ ਉਹਨਾਂ ਦੀ ਉਮਰ 125 ਸਾਲ ਤੋਂ ਵੀ ਵੱਧ ਹੈ ਬਾਬੇ ਦਾ ਜਨਮ ਪਿੰਡ ਮਦਰਿਆਂ ਵਾਲਾ (ਜ਼ਿਲਾ ਗੁੱਜਰਾਂ ਵਾਲਾ, ਪਾਕਿਸਤਾਨ) ਵਿੱਚ ਹੋਇਆ ਉਹ ਪਿੰਡ ਦੇ ਨੰਬਰਦਾਰ ਸਨ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਦੇਸ਼ ਦੀ ਵੰਡ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਪਿੰਡ ਦਾ ਚੌਕੀਦਾਰ ਜਿਸਨੂੰ ਉਹ ਪਿਆਰ ਨਾਲ ਰਾਇ ਸਾਹਿਬ ਕਹਿੰਦੇ ਸਨ, ਉਹਨਾਂ ਦਾ ਬਹੁਤ ਵਫ਼ਾਦਾਰ ਸੀ ਉਸਨੇ ਪਿੰਡ ਦੇ ਮੁਸਲਮਾਨਾਂ ਨੂੰ ਬਾਬੇ ਦੇ ਪਰਿਵਾਰ ਤੇ ਹਮਲਾ ਕਰਨ ਦੀ ਖੁਸਰ-ਮੁਸਰ ਕਰਦਿਆਂ ਸੁਣ ਲਿਆ ਤੇ ਪਿੰਡੋਂ ਫੌਰਨ ਜਾਣ ਵਾਸਤੇ ਕਿਹਾ ਉਹਨਾਂ “ਰੌਲੇ” (1947 ਦੇ ਦੰਗੇ) ਤੋਂ ਕੁਝ ਦਿਨ ਪਹਿਲਾਂ ਹੀ ਘਰ ਦੇ ਸਾਰੇ ਮੈਂਬਰਾਂ ਨੂੰ ਹਿੰਦੁਸਤਾਨ ਭੇਜ ਦਿੱਤਾ ਤੇ ਬਰਸਾਤੀ ਰਾਤ ਵਿੱਚ ਘੋੜੇ ਨੂੰ ਅੱਡੀ ਲਾ ਕੇ ਖ਼ੁਦ ਵੀ ਇੱਧਰ ਆ ਗਏ ਉਹ ਸ਼ੁਕਰ ਕਰਦੇ ਹਨ ਕਿ ਉਹਨਾਂ ਦਾ ਸਾਰਾ ਪਰਿਵਾਰ ਰਾਜ਼ੀ-ਖੁਸ਼ੀ ਇੱਧਰ ਆ ਗਿਆ ਇੱਧਰ ਆ ਕੇ ਬਾਜ਼ਰਾ ਤੇ ਛੋਲੇ ਖਾ ਕੇ ਗੁਜ਼ਾਰਾ ਕੀਤਾ ਖਾਲੀ ਪੇਟ ਵੀ ਰਾਤਾਂ ਗੁਜ਼ਾਰੀਆਂ “ਪਾਕਿਸਤਾਨ ਦੀ ਸਰਦਾਰੀ ਤੇ ਇੱਧਰ ਦੋ ਰੁਪਏ ਦੀ ਦਿਹਾੜੀ ” ਬਾਬਾ ਦੱਸਦਾ ਹੈ ਕਿ ਉਦੋਂ ਲੋਕੀਂ ਕਹਿੰਦੇ ਭੁੱਖ ਮਰਨੇ ਰਫੂਜੀ ਆਏ ਹਨ ਤੇ ਹੁਣ ਜੁਆਕਾਂ ਦੇ ਸਾਕ ਕਰਨ ਨੂੰ ਮਿੰਨਤਾਂ ਕਰਦੇ ਹਨ ਔਖਾ ਟਾਈਮ ਪਾਸ ਕੀਤਾ ਪਰ ਹੁਣ ਸਾਰੇ ਪਰਿਵਾਰ ਨੂੰ ਰੰਗ ਭਾਗ ਲੱਗੇ ਹੋਏ ਹਨ ਦੁੱਧ, ਪੁੱਤ, ਜ਼ਮੀਨ, ਜਾਇਦਾਦ, ਇੱਜ਼ਤ… ਪ੍ਰਮਾਤਮਾਂ ਨੇ ਕਿਸੇ ਗੱਲ ਦੀ ਭੁੱਖ ਨਹੀਂ ਰੱਖੀ

ਬਾਬੇ ਦੇ ਦੱਸਣ ਅਨੁਸਾਰ ਉਸਨੇ ਸੱਤ ਪੀੜੀਆਂ ਵੇਖੀਆਂ ਹਨ ਦਾਦਾ, ਪਿਤਾ, ਭਰਾ, ਪੁੱਤਰ, ਪੋਤਰਾ, ਲੱਕੜ ਪੋਤਰਾ ਤੇ ਅੱਗੇ ਮੈਨੂੰ ਵੀ ਨਹੀਂ ਪਤਾ ਕਿ ਕੀ ਕਹਿੰਦੇ ਹਨ ਯਾਨੀ ਬਾਬੇ ਦੇ ਪੋਤਰੇ ਦਾ ਪੋਤਰਾ ਵੀ ਹੈ ਅੱਜ ਦੀ ਤਾਰੀਖ ਵਿੱਚ ਘਰੇ ਪੰਜ ਪੀੜੀਆਂ ਮੌਜੂਦ ਹਨ ਪਹਿਲੀ ਤੇ ਆਖਰੀ ਪੀੜੀ ਦੋਵੇਂ ਸ਼ਸ਼ੋਪੰਜ ਵਿੱਚ ਹਨ ਕਿ ਉਹ ਇੱਕ ਦੂਜੇ ਨੂੰ ਕੀ ਕਹਿ ਕੇ ਪੁਕਾਰਨ ਬਾਬੇ ਦੇ ਦੋ ਵਿਆਹ ਹੋਏ ਤੇ ਦੋਵੇਂ ਪਤਨੀਆਂ ਸਵਰਗ ਸਿਧਾਰ ਚੁੱਕੀਆਂ ਹਨ ਦੂਜੀ ਦਾ ਨਾਂ ਤਾਂ ਲਾਭ ਕੌਰ ਸੀ ਪਰ ਪਹਿਲੀ ਦਾ ਨਾਂ ਬਾਬੇ ਦੀਆਂ ਯਾਦਾਂ ਦੇ ਝਰੋਖੇ ਵਿੱਚੋਂ ਬਾਹਰ ਹੋ ਚੁੱਕਾ ਹੈ ਇਸ ਵੇਲੇ ਬਾਬੇ ਦੇ ਪਰਿਵਾਰ ਵਿੱਚ ਦੋ ਪੁੱਤਰ, ਨੂੰਹਾਂ, ਪੋਤਰੇ, ਪੋਤਰੀਆਂ, ਪੋਤ ਨੂੰਹਾਂ, ਪੜੋਤ ਨੂੰਹਾਂ, ਲੱਕੜ ਪੋਤਰਾ, ਲੱਕੜ ਪੋਤਰੀ ਸ਼ਾਮਲ ਹਨ ਸੁੱਖ ਨਾਲ ਕੁੱਲ ਮਿਲਾ ਕੇ 42 ਜੀਅ ਹਨ ਪਰਿਵਾਰ ਦੇ ਸਾਰਾ ਪਰਿਵਾਰ ਇਕੱਠਾ ਹੋਵੇ ਤਾਂ ਵਿਆਹ ਵਾਲਾ ਘਰ ਜਾਪਦਾ ਹੈ ਵਾਹੀ ਇਕੱਠੀ ਹੈ, ਚੁੱਲਾ ਇੱਕ ਹੈ

ਬਾਬਾ ਖਾਣ ਪੀਣ ਦਾ ਚੰਗਾ ਸ਼ੌਕੀਨ ਹੈ ਰੋਟੀ ਤੋਂ ਪਹਿਲਾਂ ਤਿੰਨ ਉਂਗਲਾਂ ਦਾਰੂ ਰੋਜ਼ ਪੀਂਦਾ ਹੈ ਮੀਟ ਤੇ ਆਂਡਿਆਂ ਦਾ ਬਾਬਾ ਚੰਗਾ ਮੀਟਰ ਖਿੱਚਦਾ ਹੈ ਮੂੰਹ ਵਿੱਚ ਦੰਦ ਨਹੀਂ ਤਾਂ ਨਾਂ ਸਹੀ ਪਰ ਸਰਦੀਆਂ ਦਾ ਮੇਵਾ ਮੂੰਗਫਲੀ ਬਾਬਾ ਕਿਉਂ ਨਾਂ ਖਾਵੇ ? ਪਰਨੇ ਵਿੱਚ ਦਾਣੇ ਬੰਨ ਕੇ ਚੰਗੀ ਤਰਾਂ ਕੁੱਟ ਲਏ, ਫੂਕ ਮਾਰ ਕੇ ਫੋਲਕ (ਛਿਲਕੇ) ਉਡਾ ਦਿੱਤੇ ਤੇ ਮੂੰਗਫਲੀ ਔਹ ਗਈ, ਔਹ ਗਈ ਬਾਬਾ ਕਹਿੰਦਾ ਹੈ ਕਿ ਮੱਛੀ ਦੇ ਪਕੌੜੇ ਤਾਂ ਮੈਂ ਦੋ ਕਿਲੋ ਖਾ ਜਾਵਾਂ ਬਾਬਾ ਬਜ਼ਾਰੂ ਚੀਜ਼ਾਂ ਘੱਟ ਹੀ ਪਸੰਦ ਕਰਦਾ ਹੈ ਕੁਲਫ਼ੀ ਬਾਬੇ ਨੂੰ ਘੱਟ ਹੀ ਪਸੰਦ ਹੈ ਕਿਉਂਕਿ ਕੁਲਫ਼ੀ ਪਿਘਲ ਕੇ ਦਾੜੀ ਵਿੱਚ ਮਿੱਠਾ ਹੀ ਮਿੱਠਾ ਕਰ ਦਿੰਦੀ ਹੈ ਆਪਣੀ ਲੰਬੀ ਉਮਰ ਦਾ ਰਾਜ਼ ਬਾਬਾ ਚੰਗੀ ਖੁਰਾਕ ਨੂੰ ਦੱਸਦਾ ਹੈ ਅੱਜਕੱਲ ਦੀ ਖੁਰਾਕ ਭਾਵੇਂ ਰੋਟੀ ਹੈ, ਦੁੱਧ ਜਾਂ ਕੁਝ ਹੋਰ ਸਭ ਕਾਸੇ ਨੂੰ ਉਸ ਰੇਹਾਂ-ਸਪਰੇਆਂ ਦੀ ਜ਼ਹਿਰ ਦੱਸਿਆ

ਬਾਬਾ ਇਸ ਉਮਰ ਵਿੱਚ ਵੀ ਬਿਨਾਂ ਸੋਟੀ ਤੋਂ ਚੰਗੀ ਤਰਾਂ ਤੁਰ ਫਿਰ ਲੈਂਦਾ ਹੈ ਸਿਰ ਦੇ ਵਾਲ ਕੁਝ-ਕੁਝ ਕਾਲੇ ਹੋਣ ਲੱਗੇ ਹਨ ਕੋਈ ਬਿਮਾਰੀ ਨਹੀਂ ਤੇ ਸਾਰੀ ਉਮਰ ਟੀਕਾ ਨਹੀਂ ਲਗਵਾਇਆ ਬਾਬਾ ਸਿਰਫ਼ ਖਾਣ ਪੀਨ ਦਾ ਸ਼ੌਕੀਨ ਹੀ ਨਹੀਂ ਸਗੋਂ ਕੰਮ ਵੀ ਪੂਰਾ ਕਰਦਾ ਹੈ ਖੇਤ ਵਿੱਚ ਮਜ਼ਦੂਰਾਂ ਦੀ ਨਿਗਰਾਨੀ, ਖੇਤ ਗੇੜਾ ਮਾਰਨਾਂ ਉਸਦੇ ਨਿੱਤ ਨੇਮ ਦੇ ਕੰਮ ਹਨ ਵਿਹਲੇ ਟਾਈਮ ਬਾਬਾ ਗੱਟਿਆਂ ਦੀਆਂ ਪੱਲੀਆਂ ਹੀ ਸਿਉਂਦਾ ਰਹਿੰਦਾ ਹੈ ਮੱਝਾਂ ਦੀਆਂ ਧਾਰਾਂ ਵੀ ਕੱਢ ਲੈਂਦਾ ਹੈ ਤੇ ਪੱਠੇ ਕੁਤਰਣ ਵੇਲੇ ਰੁੱਗ ਵੀ ਲਾਉਂਦਾ ਹੈ ਹਾਂ ਸੱਚ.... ਇੱਕ ਗੱਲ ਮੈਂ ਤਾਂ ਦੱਸਣੀ ਹੀ ਭੁੱਲ ਗਿਆ, ਬਾਬਾ ਘੋੜੀਆਂ ਦਾ ਚੰਗਾ ਸ਼ੌਕੀਨ ਹੈ ਉਹ ਕਹਿੰਦਾ ਹੈ ਕਿ ਘੋੜੀ ਭਜਾਉਣ ਵਿੱਚ ਅਜੇ ਵੀ ਕਿਸੇ ਨੂੰ ਨੇੜੇ ਨਾਂ ਲੱਗਣ ਦੇਵਾਂ

ਫਿਰ ਬਾਬੇ ਨੂੰ ਜਦ ਫੋਟੋ ਖਿਚਾਉਣ ਖਾਤਰ ਤਿਆਰ ਹੋਣ ਲਈ ਕਿਹਾ ਤਾਂ ਬਾਬੇ ਝੱਟ “ਆਉਣ-ਜਾਣ” ਵਾਲੇ ਕੱਪੜੇ ਪਾ ਲਏ ਤੇ ਚਿੱਟੇ ਕੱਪੜਿਆਂ ਵਿੱਚ ਬਾਬਾ ਨਿਰਾ ਬਗਲਾ ਲਗ ਰਿਹਾ ਸੀ ਬਾਬਾ ਬਹੁਤ ਜਿੰਦਾਦਿਲ ਤੇ ਮਜ਼ਾਕੀਆ ਇਨਸਾਨ ਹੈ ਜਦੋਂ ਦੋ ਘੁੱਟ ਮੂੰਹ ਨੂੰ ਲੱਗੀ ਹੋਵੇ ਤਾਂ ਉਸਦੀਆਂ ਯਾਦਾਂ ਦੀ ਪਿਟਾਰੀ ਮੁੱਕਣ ਵਿੱਚ ਨਹੀਂ ਆਉਂਦੀ ਤੇ ਇਹੀ ਸ਼ਾਇਦ ਉਸਦੀ ਲੰਬੀ ਉਮਰ ਦਾ ਰਾਜ਼ ਹੈ

Print this post

No comments: