ਟਰੇਨਿੰਗ

ਉਸਦੇ ਘਰ ਪਹੁੰਚ ਕੇ ਮੈਂ ਦਰਵਾਜੇ ਤੇ ਲੱਗੀ ਘੰਟੀ ਵਜਾਈ ਤੇ ਉਸਦੀ ਇੰਤਜਾਰ ਵਿੱਚ ਗਲੀ ਵਿੱਚ ਟਹਿਲਣ ਲੱਗਾ ਅੱਜ 14 ਨਵੰਬਰ ਦੇ ਸਿਲਸਲੇ ਵਿੱਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ ਉੱਥੇ ਇੱਕ 10-12 ਸਾਲ ਦਾ ਬੱਚਾ ਕਹੀ ਨਾਲ ਰੋੜੇ-ਵੱਟਿਆਂ ਦਾ ਮਲਬਾ ਇਕੱਠਾ ਕਰਕੇ ਬੱਠਲ ਵਿੱਚ ਪਾਈ ਜਾ ਰਿਹਾ ਸੀ ਕੋਲੇ ਇੱਕ ਮੋਟੀ ਜਿਹੀ ਜਨਾਨੀ ਢਾਕਾਂ ਤੇ ਹੱਥ ਰੱਖੀ ਖੜੀ ਸੀ ਸ਼ਾਇਦ ਉਹਨਾਂ ਨੇ ਘਰ ਵਿੱਚ ਕੋਈ ਤੋੜ ਭੰਨ ਕਰਵਾਈ ਹੋਈ ਹੋਵੇਗੀ, ਜਿਸਦਾ ਮਲਬਾ ਉਹ ਰੇਹੜੇ ਵਾਲੇ ਤੋਂ ਚੁੱਕਵਾ ਰਹੀ ਸੀ ਰੇਹੜੇ ਵਾਲਾ ਨਾਲੀ ਕੋਲੇ ਬੈਠਾ ਬੀੜੀ ਫੂਕੀ ਜਾ ਰਿਹਾ ਸੀ ਉਹਨੂੰ ਬੈਠੇ ਤੇ ਬੱਚੇ ਨੂੰ ਕੰਮ ਕਰਦਿਆਂ ਦੇਖਕੇ ਮੈਨੂੰ ਰੇਹੜੇ ਵਾਲੇ ਤੇ ਬੜਾ ਰੋਹ ਆਇਆ ਪਰ ਆਪਣੀ ਆਵਾਜ਼ ਨੂੰ ਨਰਮ ਬਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ

“ਕਿਵੇਂ ਬਈ, ਜੁਆਕ ਨੂੰ ਕੰਮ ਲਾਇਐ ? ਏਹਨੂੰ ਸਕੂਲ ਨੀਂ ਭੇਜਦਾ ?”

“ਮਾਹਟਰ ਜੀ ਸਾਰਾ ਦਿਨ ਵੇਹਲਾ ਫਿਰਦਾ ਰਹਿੰਦਾ ਸੀ, ਹੁਣ ਨਾਲ ਲਿਆਉਣ ਲੱਗ ਪਿਆਂ, ਕੋਈ ਕੰਮ ਈ ਸਿੱਖ ਜੂ”

“ਜੇ ਤੂੰ ਸਾਰੀ ਉਮਰ ਮਜਦੂਰੀ ਕਰ ਕੇ ਕੱਢ ਦਿੱਤੀ ਤਾਂ ਕੋਈ ਜਰੂਰੀ ਐ ਕਿ ਇਹ ਵੀ ਉਹੀ ਕੰਮ ਕਰੇ, ਇਸਨੂੰ ਸਕੂਲ ਭੇਜ, ਗੋਰਮਿੰਟ ਨੇ
ਏਨੀਆਂ ਸਕੀਮਾਂ ਚਲਾ ਰੱਖੀਐਂ, ਪੜ ਕੇ ਕੋਈ ਟਰੇਨਿੰਗ ਲੈ ਕੇ ਕੰਮ ਧੰਦਾ ਕਰ ਲੂ”

“ਛੱਡੋ ਮਾਹਟਰ ਜੀ, ਥੋਡੀ ਟਰੇਨਿੰਗ ਲੈ ਕੇ ਦਸਾਂ ਬਾਰਾਂ ਸਾਲਾਂ ਨੂੰ ਪਤਾ ਨੀ ਕੁਛ ਕਰਨ ਜੋਗਾ ਹੋਊ ਕਿ ਨਹੀਂ, ਪਰ ਮੇਰੀ ਟਰੇਨਿੰਗ ਲੈ ਕੇ ਅਗਲੇ ਸਾਲ ਹੀ ਦਿਹਾੜੀ ਪਾਉਣ ਜੋਗਾ ਹੋ ਜੂ”

ਉਸਦੀ ਗੱਲ ਸੁਣਕੇ ਮੈਨੂੰ ਜੇਬ ਵਿੱਚ ਰੱਖੇ ਚਿਲਡਰਨ ਡੇ ਤੇ ਲਿਖੇ ਭਾਸ਼ਣ ਤੇ ਪਕੜ ਰਤਾ ਢਿੱਲੀ ਹੋ ਗਈ ਜਾਪਦੀ ਸੀ

Print this post

No comments: