ਅੱਗ

ਇਹ ਹਵਨ ਦੀ ਅੱਗ ਸਾਡੀ ਸ਼ੁੱਧੀ ਲਈ ਜਲ ਰਹੀ ਹੈ,
ਲੱਕੜ ਦੀ ਕੁਰਬਾਨੀ ਕਿੰਨੀ, ਜੋ ਲਟ-ਲਟ ਕਰਦੀ ਬਲ ਰਹੀ ਹੈ |

ਇਸ ਅੱਗ ਨੇ ਸਾਡੇ ਆਪਣੇ ਸਾਡੇ ਤੋਂ ਦੂਰ ਕੀਤੇ,
ਅੱਜ ਅਸੀਂ ਵਿਛੋੜੇ ਵਿੱਚ ਜੀਉਣ ਲਈ ਮਜ਼ਬੂਰ ਕੀਤੇ |

ਅੱਗ ਤਾਂ ਚੁੱਲੇ ਦੀ ਵੀ ਅੱਗ ਹੀ ਕਹਾਂਉਂਦੀ ਹੈ,
ਚੰਦਰੀ ਅੱਗ ਸਿਵਿਆਂ ਦੀ ਜਿਹੜੀ ਸਭ ਨੂੰ ਰੁਆਂਉਂਦੀ ਹੈ |

ਸਿਵੇ ਦੀ ਅੱਗ ਠੰਢੀ ਹੋਣ ਤੋਂ ਪਹਿਲਾਂ, ਅੱਗ ਚੁੱਲੇ ਦੀ ਮਚਾਉਣੀ ਪੈਂਦੀ ਹੈ,
ਇਹੀ ਤਾਂ ਦਸਤੂਰ ਹੈ ਦੁਨੀਆਂ ਦਾ ਤੇ ਹਰ ਰਸਮ ਨਿਭਾਉਣੀ ਪੈਂਦੀ ਹੈ |

ਇੱਕ ਅੱਗ ਹੁੰਦੀ ਸੀਨੇ ‘ਚ ਜਿਹੜੀ ਸਾਡੇ ਅਰਮਾਨਾਂ ਨੂੰ ਮਚਾਉਂਦੀ ਹੈ,
ਇੱਕ ਅੱਗ ਹੁੰਦੀ ਵੇਦੀ ਦੀ ਜਿਹੜੀ ਦੋ ਦਿਲਾਂ ਨੂੰ ਮਿਲਾਉਂਦੀ ਹੈ |

ਕਦੀ-ਕਦੀ ਅੱਗ ਚਿਤਾ ਦੀ ਬੁਰੀ ਤਰਾਂ ਝੰਜੋੜਦੀ ਹੈ,
ਪਿਆਰਾ ਹੁੰਦਾ ਲੱਕੜਾਂ ‘ਚ ਤੇ ਅੱਗ ਸਦਾ ਲਈ ਵਿਛੋੜਦੀ ਹੈ |

ਵਿਛੋੜੇ ਦੀ ਅੱਗ ਨੂੰ ਬਾਕੀਆਂ ਦੇ ਪਿਆਰ ਦੀ ਅੱਗ ਦਬਾਉਂਦੀ ਹੈ,
‘ਰਿਸ਼ੀ’ ਇਹੀ ਕੁਝ ਚਲਦਾ ਰਿਹਾ, ਦੁਨੀਆਂ ਇਹੀ ਦਸਤੂਰ ਨਿਭਾਉਂਦੀ ਹੈ |

Print this post

No comments: