ਸਟੀਰਾਈਡ ਜਾਂ ਸਪਲੀਮੈਂਟ – ਕੀ ਚੁਣੀਏ ?


ਕੰਪੀਟੀਸ਼ਨ ਦੇ ਅਜੋਕੇ ਮਾਹੌਲ ਵਿੱਚ ਹਰ ਇਨਸਾਨ ਇੱਕ ਦੂਜੇ ਤੋਂ ਅੱਗੇ ਨਿਕਲਨਾ ਚਾਹੁੰਦਾ ਹੈ । ਖੇਤਰ ਚਾਹੇ ਕੋਈ ਵੀ ਹੋਵੇ, ਸਮਾਜਿਕ, ਵਪਾਰਿਕ ਜਾਂ ਖੇਡਾਂ ਦਾ ਮੈਦਾਨ, ਹਰ ਕੋਈ ਬਾਜ਼ੀ ਮਾਰਨੀ ਚਾਹੁੰਦਾ ਹੈ । ਖੇਡ ਮੈਦਾਨ ਵਿੱਚ ਮਿਲੀ-ਸਕਿੰਟਾਂ ਦੇ ਫਾਸਲੇ ਤੇ ਪਾਸੇ ਪਲਟ ਜਾਂਦੇ ਹਨ । ਇਸ ਲਈ ਖਿਡਾਰੀ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤੇ ਹਰ ਪੈਂਤਰਾ ਅਜ਼ਮਾਉਣਾ ਚਾਹੁੰਦੇ ਹਨ । ਜ਼ਿਆਦਾ ਸਰੀਰਕ ਸਟੈਮਿਨਾ ਤੇ ਤਾਕਤ ਹਾਸਲ ਕਰਨ ਲਈ ਸਟੀਰਾਈਡ ਜਾਂ ਡਰਗਜ਼ ਦਾ ਇਸਤੇਮਾਲ ਕਰਦੇ ਹਨ । ਜਿਸਦੀ ਭਰਪਾਈ ਕਈ ਵਾਰੀ ਉਹਨਾਂ ਨੂੰ ਸਾਰੀ ਉਮਰ ਦੁੱਖ ਭੋਗ ਕੇ ਕਰਨੀ ਪੈਂਦੀ ਹੈ ।

ਸਟੀਰਾਈਡ ਕੈਮੀਕਲ ਜਾਂ ਪਸ਼ੂਆਂ ਤੋਂ ਬਣੇ ਹਾਰਮੋਨਜ਼ ਹੁੰਦੇ ਹਨ । ਸਟੀਰਾਈਡ ਲੈਣ ਦਾ ਮਤਲਬ ਹੈ, ਸਰੀਰ ਵਿੱਚ ਆਰਜ਼ੀ ਤੌਰ ਤੇ ਅਜਿਹਾ ਮਾਹੌਲ ਤਿਆਰ ਕਰਨਾਂ, ਜਿਸ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਖਪਤ ਵਧ ਜਾਵੇ । ਇਸ ਤਰਾਂ ਸਰੀਰ ਵਿੱਚ ਪਾਵਰ ਤੇ ਮਸਲ-ਮਾਸ ਵਧਦਾ ਹੈ, ਪਰ ਡਰਗਜ਼ ਜਾਂ ਸਟੀਰਾਈਡ ਲੈਣ ਵਾਲਿਆਂ ਦੇ ਸਰੀਰ ਵਿੱਚ ਕੁਦਰਤੀ ਤੌਰ ਤੇ ਬਨਣ ਵਾਲੇ ਹਾਰਮੋਨਜ਼ ਘਟ ਜਾਂਦੇ ਹਨ ਜਾਂ ਬੰਦ ਹੋ ਜਾਂਦੇ ਹਨ । ਸਰੀਰ ਉਪਰੋਂ ਲਏ ਜਾਣ ਵਾਲੇ ਹਾਰਮੋਨਜ਼ ਦਾ ਆਦੀ ਹੋ ਜਾਂਦਾ ਹੈ । ਜਦ ਸਰੀਰ ਵਿੱਚ ਸਟੀਰਾਈਡ ਦਾ ਲੈਵਲ ਘਟਦਾ ਹੈ ਤਾਂ ਖਿਡਾਰੀ ਚੰਗੀ ਖੁਰਾਕ ਤੇ ਸਪਲੀਮੈਂਟ ਨਾਲ ਕਮਾਇਆ ਸਰੀਰ ਵੀ ਗੁਆ ਬੈਠਦੇ ਹਨ, ਨਾਲ ਹੀ ਸਟੀਰਾਈਡ ਜੋ ਬੁਰੇ ਪ੍ਰਭਾਵ ਛੱਡ ਜਾਂਦੇ ਹਨ, ਉਹ ਅਲੱਗ ਤੋਂ ਹਨ । ਸਟੀਰਾਈਡ ਜਿਗਰ, ਗੁਰਦੇ, ਅੱਖਾਂ, ਹੱਡੀਆਂ ਆਦਿ ਤੇ ਬੁਰਾ ਪ੍ਰਭਾਵ ਪਾਉਂਦੇ ਹਨ । ਇੰਜੈਕਸ਼ਨ ਲਗਾਉਣ ਨਾਲ ਕਈ ਤਰਾਂ ਦੇ ਚਮੜੀ ਰੋਗ ਹੋ ਜਾਂਦੇ ਹਨ । ਸਿਰ ਦਰਦ, ਪੇਟ ਦਰਦ, ਚਿਹਰੇ ਤੇ ਸੋਜ, ਵਾਲ ਝੜਨ ਲੱਗਦੇ ਤੇ ਬਲੱਡ ਪ੍ਰੈਸ਼ਰ ਉੱਪਰ ਸਰੀਰ ਦਾ ਕਾਬੂ ਖਤਮ ਹੋ ਜਾਂਦਾ ਹੈ । ਲੜਕਿਆਂ ਦੀ ਛਾਤੀ ਵਧਣ ਲੱਗ ਪੈਂਦੀ ਹੈ ਤੇ ਜੇਕਰ ਲੜਕੀਆਂ ਸਟੀਰਾਈਡ ਵਰਤਣ ਤਾਂ ਉਹਨਾਂ ਦੇ ਸਰੀਰ ਤੇ ਅਣਚਾਹੇ ਵਾਲ ਉੱਗਣ ਲੱਗ ਪੈਂਦੇ ਹਨ, ਆਵਾਜ਼ ਭਾਰੀ ਹੋ ਜਾਂਦੀ ਹੈ । ਇਹਨਾਂ ਨੁਕਸਾਨਾਂ ਦੀ ਭਰਪਾਈ ਇਨਸਾਨ ਸਾਰੀ ਉਮਰ ਨਹੀਂ ਕਰ ਸਕਦਾ । ਸਟੀਰਾਈਡ ਦਾ ਸਰੀਰ ਉੱਪਰ ਅਜਿਹਾ ਬੁਰਾ ਪ੍ਰਭਾਵ ਹੁੰਦਾ ਹੈ ਕਿ ਉਹ ਖਤਮ ਨਹੀਂ ਹੋ ਸਕਦਾ । ਆਦਮੀ ਨਪੁੰਸਕ (ਨਿਕੰਮਾ) ਹੋ ਜਾਂਦਾ ਹੈ । ਵੀਰਜ ਵਿੱਚ ਸ਼ਕਰਾਣੂ ਘਟਣ ਦੇ ਕਾਰਨ ਉਹ ਜਗ੍ਹਾ-ਜਗ੍ਹਾ ਟੱਕਰਾਂ ਮਾਰਦਾ ਫਿਰਦਾ ਹੈ ਕਿ ਕਿਸੇ ਤਰੀਕੇ ਬੱਚਾ ਹੋ ਜਾਵੇ, ਪਰ ਉਹ ਵਕਤ ਹੱਥ ਨਹੀਂ ਆਉਂਦਾ ਜਦ ਕਿ ਸਟੀਰਾਈਡ ਲਏ ਸਨ ।

ਸਟੀਰਾਈਡ ਨਾਲ ਕੁਝ ਸਮੇਂ ਲਈ ਤਾਂ ਖਿਡਾਰੀ ਦਾ ਸਰੀਰ ਬਹੁਤ ਵਧੀਆ ਹੋ ਜਾਂਦਾ ਹੈ, ਸਰੀਰ ਵਿੱਚ ਤੇਜ਼ੀ ਆ ਜਾਂਦੀ ਹੈ, ਪਾਵਰ ਵਧ ਜਾਂਦੀ ਹੈ ਪਰ ਬਾਅਦ ਵਿੱਚ ਸਰੀਰ ਫਿਰ ਆਪਣਾ ਅਸਲੀ ਰੂਪ ਧਾਰਣ ਕਰ ਲੈਂਦਾ ਹੈ । ਜਿਵੇਂ ਪਾਲਿਸ਼ ਬੂਟ ਚਮਕਾ ਤਾਂ ਸਕਦੀ ਹੈ, ਪਰ ਧੂੜ ਪੈਣ ਨਾਲ ਬੂਟ ਫਿਰ ਗੰਦਾ ਹੋ ਜਾਂਦਾ ਹੈ । ਇਸੇ ਤਰਾਂ ਸਟੀਰਾਈਡ ਨਾਲ ਸਰੀਰ ਕੁਝ ਸਮੇਂ ਲਈ ਤਾਂ ਚੰਗਾ ਬਣ ਸਕਦਾ ਹੈ, ਪਰ ਜੇਕਰ ਕੋਈ ਖਿਡਾਰੀ ਜਾਂ ਬਾਡੀ ਬਿਲਡਰ ਇਹ ਕਹੇ ਕਿ ਸਟੀਰਾਈਡ ਨਾਲ ਹੀ ਸਰੀਰ ਬਣਦਾ ਹੈ ਤਾਂ ਉਹ ਖਿਡਾਰੀ ਭਾਰੀ ਭਰਮ-ਭੁਲੇਖੇ ਦੇ ਸ਼ਿਕਾਰ ਹਨ । ਬਾਡੀ ਬਿਲਡਿੰਗ ਵਿੱਚ ਇੱਕ ਖਾਸ ਲੈਵਲ ਤੇ ਜਦ ਕਿ ਬਾਡੀ ਬਿਲਡਰ ਦੀ ਕੁਦਰਤੀ ਸਰੀਰ ਵਧਣ ਦੀ ਸਮਰੱਥਾ ਖਤਮ ਹੋ ਜਾਵੇ ਤਾਂ ਸਟੀਰਾਈਡ ਭਾਵੇਂ ਖਿਡਾਰੀ ਦੀ ਥੋੜੀ ਬਹੁਤ ਮੱਦਦ ਕਰ ਦੇਣ, ਪਰ ਇਸ ਲੈਵਲ ਦੀ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਭਾਰਤ ਵਿੱਚ ਨਹੀਂ ਹੁੰਦੀ । ਹਾਂ ਇੱਕ ਗੱਲ ਤਾਂ ਹੈ ਕਿ 50-55 ਸਾਲ ਦੀ ਉਮਰ ਤੋਂ ਬਾਅਦ ਜੇਕਰ ਡਾਕਟਰ ਦੀ ਸਲਾਹ ਨਾਲ ਸਟੀਰਾਈਡ ਲਏ ਜਾਣ ਅਤੇ ਪੂਰੇ ਪ੍ਰੋਟੀਨ ਤੇ ਚੰਗੀ ਖੁਰਾਕ ਵੀ ਹੋਵੇ ਤਾਂ ਆਦਮੀ ਚੁਸਤ ਦਰੁਸਤ ਰਹਿ ਸਕਦਾ ਹੈ ।

ਜੇਕਰ ਸਪਲੀਮੈਂਟ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀ ਅਨੇਕਾਂ ਪ੍ਰਕਾਰ ਦੇ ਭਰਮ ਭੁਲੇਖਿਆਂ ਵਿੱਚ ਪੈ ਜਾਂਦੇ ਹਨ । ਅਸਲ ਵਿੱਚ ਸਪਲੀਮਂੈਂਟ ਵੀ ਇੱਕ ਕਿਸਮ ਦੀ ਖੁਰਾਕ ਹੀ ਹੈ । ਗਾੜੀ ਖੁਰਾਕ, ਜੋ ਕਿ ਕੁਦਰਤੀ ਤੱਤਾਂ ਤੋਂ ਬਣਦੀ ਹੈ । ਉਦਾਹਰਣ ਦੇ ਤੌਰ ਤੇ ਕਣਕ ਵਿੱਚ ਕਈ ਚੀਜ਼ਾਂ ਹੁੰਦੀਆਂ ਹਨ, ਜਿਵੇਂ ਮੈਦਾ, ਸੂਜੀ, ਵਿਟਾਮਿਨ ਆਦਿ । ਦੁੱਧ ਵਿੱਚ ਮੱਖਣ, ਮਿਲਕ ਸ਼ੂਗਰ, ਮਿਲਕ ਪ੍ਰੋਟੀਨ ਤੇ ਇਲੈਕਟ੍ਰੋਜ਼ । ਜੇਕਰ ਇਹਨਾਂ ਤੱਤਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇ ਤੇ ਉਸਨੂੰ ਦੂਜੀ ਖੁਰਾਕ ਵਿੱਚ ਮਿਲਾ ਕੇ ਖਾਧਾ ਜਾਏ ਤਾਂ ਇਹ ਵੀ ਸਪਲੀਮੈਂਟ ਦਾ ਹੀ ਰੂਪ ਹੁੰਦਾ ਹੈ, ਮਤਲਬ ਕਿਸੇ ਇੱਕ ਤੱਤ ਦੀ ਅਧਿਕਤਾ । ਜੇਕਰ ਤੁਸੀਂ ਦੋ ਰੋਟੀਆਂ ਖਾਂਦੇ ਹੋ, ਫਿਰ ਪਾਵਰ ਵਧਾਉਣ ਲਈ ਚਾਰ, ਫਿਰ ਛੇ..... ਇਹ ਕਿਥੋਂ ਕੁ ਤੱਕ ਸੰਭਵ ਹੈ ? ਪੇਟ ਵਿੱਚ ਕਿੰਨੀ ਕੁ ਜਗ੍ਹਾ ਹੈ ? ਇਹੀ ਜੇਕਰ ਆਟੇ ਵਿੱਚ ਕੁਝ ਸੋਇਆਬੀਨ, ਕੁਝ ਛੋਲੇ ਪੀਸ ਕੇ ਮਿਲਾ ਦਿੱਤੇ ਜਾਣ ਤਾਂ ਤੁਹਾਡੀ ਖੁਰਾਕ ਦੀ ਜ਼ਰੂਰਤ ਆਪਣੇ ਆਪ ਪੂਰੀ ਹੋ ਜਾਏਗੀ । ਪਾਵਰ ਵਧਾਉਣ ਲਈ ਇਹ ਵੀ ਤਾਂ ਸਪਲੀਮੈਂਟ ਦਾ ਹੀ ਰੂਪ ਹੈ । ਇਸੇ ਤਰਾਂ ਦੁੱਧ ਵਿੱਚ ਕੈਲਰੀ ਵਧਾਉਣ ਲਈ ਦੋ ਚਮਚ ਦੇਸੀ ਘਿਉ ਪਾ ਲਵੋ । ਘਿਉ ਵੀ ਤਾਂ ਫੈਟ ਸਪਲੀਮੈਂਟ ਹੈ । ਪ੍ਰੋਟੀਨ ਪ੍ਰਾਪਤ ਕਰਨ ਲਈ ਕਿੰਨੇ ਆਂਡੇ ਜਾਂ ਕਿੰਨਾਂ ਚਿਕਨ ਰੋਜ਼ ਖਾ ਸਕਦੇ ਹੋ ? ਦੁੱਧ ਵਿੱਚ ਤਿੰਨ-ਚਾਰ ਚਮਚ ਪ੍ਰੋਟੀਨ ਪਾਊਡਰ ਘੋਲ ਕੇ ਪੀ ਲਵੋ । ਪ੍ਰੋਟੀਨ ਦੀ ਜ਼ਰੂਰਤ ਪੂਰੀ ਹੋ ਜਾਵੇਗੀ । ਇਸ ਤਰੀਕੇ ਨਾਲ ਪੇਟ ਵੀ ਪੂਰਾ ਨਹੀਂ ਭਰੇਗਾ ਤੇ ਸਾਰਾ ਸਪਲੀਮੈਂਟ ਵੀ ਹਜ਼ਮ ਹੋਵੇਗਾ ।

ਕੋਈ ਵੀ ਸਪਲੀਮੈਂਟ ਗਰਮ ਜਾਂ ਠੰਢਾ ਨਹੀਂ ਹੁੰਦਾ । ਜੇਕਰ ਦੁੱਧ ਗਰਮੀ ਨਹੀਂ ਕਰਦਾ, ਸੋਇਆਬੀਨ ਗਰਮੀ ਨਹੀਂ ਕਰਦੀ ਤਾਂ ਇਸ ਤੋਂ ਬਨਣ ਵਾਲੇ ਪਦਾਰਥ ਕਿਵੇਂ ਗਰਮ ਜਾਂ ਠੰਢੇ ਹੋ ਸਕਦੇ ਹਨ ? ਇਹ ਕਿਸੇ ਵੀ ਮੌਸਮ ਵਿੱਚ ਬੇ-ਝਿਜਕ ਹੋ ਕੇ ਲਏ ਜਾ ਸਕਦੇ ਹਨ ਤੇ ਇਹਨਾਂ ਦਾ ਸਰੀਰ ਉੱਪਰ ਕੋਈ ਬੁਰਾ ਪ੍ਰਭਾਵ ਨਹੀਂ ਹੁੰਦਾ । ਸਪਲੀਮੈਂਟ ਸਿਰਫ ਬਾਡੀ ਬਿਲਡਰ ਹੀ ਨਹੀਂ ਸਗੋਂ ਕਿਸੇ ਵੀ ਖੇਡ ਦੇ ਖਿਡਾਰੀ ਲੈ ਸਕਦੇ ਹਨ ਜਿਵੇਂ ਕ੍ਰਿਕਟ, ਕਬੱਡੀ, ਫੁੱਟਬਾਲ ਜਾਂ ਐਥਲੈਟਿਕਸ ਆਦਿ । ਇਹ ਸਪਲੀਮੈਂਟ ਤਰਲ, ਪਾਊਡਰ, ਕੈਪਸੂਲ ਜਾਂ ਗੋਲੀਆਂ ਦੇ ਰੂਪ ਵਿੱਚ ਹੋ ਸਕਦੇ ਹਨ । ਇਹਨਾਂ ਦਾ ਕੰਮ ਸਰੀਰ ਵਿੱਚ ਮਸਲ-ਮਾਸ, ਤਾਕਤ ਤੇ ਸਟੈਮਿਨਾਂ ਵਧਾਉਣਾ ਹੈ । ਜ਼ਰੂਰੀ ਨਹੀਂ ਕਿ ਸਪਲੀਮੈਂਟ ਕੇਵਲ ਖਿਡਾਰੀ ਹੀ ਵਰਤਣ, ਇਹਨਾਂ ਦੀ ਵਰਤੋਂ ਬੱਚੇ ਤੋਂ ਲੈ ਕੇ ਵੱਡੀ ਉਮਰ ਦਾ ਵਿਅਕਤੀ ਕਰ ਸਕਦਾ ਹੈ । ਇੱਥੋਂ ਤੱਕ ਕਿ ਕਈ ਲੋਕ, ਜੋ ਟਾਈਮ ਸਿਰ ਖਾਣਾ ਨਹੀਂ ਖਾ ਸਕਦੇ ਜਾਂ ਬਜ਼ਾਰੀ ਖਾਣਾ ਜ਼ਿਆਦਾ ਲੈਣਾ ਪੈਂਦਾ ਹੈ, ਉਹ ਵੀ ਇੱਕ ਦੋ ਚਮਚ ਸਪਲੀਮੈਂਟ ਲੈ ਕੇ ਸਰੀਰ ਵਿੱਚ ਜ਼ਰੂਰੀ ਤੱਤਾਂ ਦੀ ਘਾਟ ਪੂਰੀ ਕਰ ਸਕਦੇ ਹਨ ।

Print this post

No comments: