ਆਪੋ ਆਪਣੀ ਹੱਟੀ

ਉਹਦੇ ਕੁੱਛੜ ਚੁੱਕੇ ਰੀਂ ਰੀਂ ਕਰਦੇ ਨੰਗ-ਧੜੰਗੇ ਜੁਆਕ ਦਾ ਵਗਦਾ ਨੱਕ ਤੇ ਉਹਦੇ ਦੁਆਲੇ ਭਿਣਕਦੀਆਂ ਮੱਖੀਆਂ ਦੇਖਕੇ ਮੈਨੂੰ ਕਚਿਆਣ ਆ ਗਈ ਤੇ ਉਹਨੂੰ ਬੁਰੀ ਤਰਾਂ ਦੁਰਕਾਰਦੇ ਹੋਏ ਪੁੱਠਾ ਹੱਥ ਮਾਰਕੇ ਦੁਕਾਨ ਦੇ ਬਾਰ ਵਿੱਚੋਂ ਪਾਸੇ ਹੋਣ ਲਈ ਕਿਹਾ । “ਸਾਲੀ ਕਟੋਰਾ ਚੁੱਕ ਕੇ ਆ ਗਈ । ਮੈਂ ਅਜੇ ਬੋਹਣੀ ਕੀਤੀ ਨਹੀਂ ਤੇ ਇਹ ਮੇਰੇ ਤੋਂ ਬੋਹਣੀ ਕਰਨ ਨੂੰ ਫਿਰਦੀ ਐ ।” ਮੈਂ ਅੰਦਰੋ ਅੰਦਰੀ ਕਲਪਿਆ । ਇੱਕ ਕਦਮ ਅੱਗੇ ਹੋ ਕੇ ਸਲਾਮ ਕਰਨ ਵਾਗੂੰ ਮੱਥੇ ਤੇ ਹੱਥ ਰੱਖਦਿਆਂ ਉਸਨੇ ਦੋਬਾਰਾ ਤਰਲਾ ਪਾਇਆ “ਬਾਬੂ ਜੀ, ਕਿਤਨੀ ਦੇਰ ਸੇ ਆਪਕੇ ਦੁਆਰ ਪਰ ਖੜੇ ਹੈਂ । ਬੱਚਾ ਸੁਬਾ ਸੇ ਭੂਖਾ ਹੈ । ਏਕ ਰੁਪਇਆ ਦੇ ਦੋ, ਭਗਵਾਨ ਆਪਕਾ ਭਲਾ ਕਰੇਗਾ ।” ਓਹਦੇ ਕਈ ਹਫਤਿਆਂ ਤੋਂ ਗੰਦੀ, ਫਟੀ ਪੁਰਾਣੀ ਸਾੜ੍ਹੀ ਪਾਈ ਹੋਈ ਸੀ । ਓਹਦੇ ਨੈਣ ਨਕਸ਼ ਤਾਂ ਚੰਗੇ ਸਨ ਪਰ ਰੰਗ ਕਿਹੋ ਜਿਹਾ ਸੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ, ਕਿਉਂਕਿ ਉਹਦੇ ਪੈਰਾਂ ਤੋਂ ਲੈ ਕੇ ਮੂੰਹ ਤੱਕ ਗਿੱਠ-ਗਿੱਠ ਮੈਲ ਚੜੀ ਹੋਈ ਸੀ । ਓਹਦੇ ਮਗਰ ਸਾੜ੍ਹੀ ਫੜੀ ਖੜੇ ਇੱਕ ਹੋਰ ਨਲੀ-ਚੋਚਲ ਜਿਹੇ ਜੁਆਕ ਨੂੰ ਬਿਸਕੁਟਾਂ ਦੇ ਪੈਕਟਾਂ ਵੱਲ ਤੱਕਦਿਆਂ ਮੈਨੂੰ ਹੋਰ ਰੋਹ ਚੜ੍ਹ ਗਿਆ । ਮੈਂ ਗੱਦੀ ਤੋਂ ਉੱਠਦਿਆਂ ਉਹਨੂੰ ਝਾੜਨਾਂ ਚੁੱਕ ਕੇ ਮਾਰਨ ਨੂੰ ਪਿਆ ਤਾਂ ਉਹ ਡਰ ਕੇ ਪਿੱਛੇ ਹੋਈ । ਜੁਆਕ ਨੇ ਉਹਦੀ ਸਾੜ੍ਹੀ ਫੜੀ ਹੋਣ ਕਰਕੇ ਉਹਦੀ ਘਸੀ ਹੋਈ ਸਾੜ੍ਹੀ ਖਿੱਚੀ ਗਈ ਤੇ ਥੋੜੀ ਹੋਰ ਫਟ ਗਈ ।

ਮੈਂ ਵੀ ਬੁੜ-ਬੁੜ ਕਰਦਾ ਗੱਦੀ ਤੇ ਬੈਠ ਕਦੇ ਉਸਨੂੰ ਤੇ ਕਦੇ ਬਿਜਲੀ ਵਾਲਿਆਂ ਨੂੰ ਕੋਸਦਾ ਪੱਖੀ ਦੀ ਝੱਲ ਮਾਰ ਮੱਖੀਆਂ ਤੇ ਗਰਮੀ ਤੋਂ ਬਚਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਨ ਲੱਗਾ । ਲਾਈਟ ਤਾਂ ਲਾਈਟ, ਮੱਖੀਆਂ ਨੇ ਅੱਡ ਲਹੂ ਪੀਤਾ ਹੋਇਆ ਹੈ । ਸਾਰਾ ਦੁਪਹਿਰਾ ਭੀਂ ਭੀਂ ਕਰਦੀਆਂ ਰਹਿੰਦੀਆਂ ਨੇ । ਕਿੱਥੋਂ ਪੰਗਾ ਲੈ ਲਿਆ ਗੁੜ ਦੇ ਗੱਟੇ ਮੰਗਵਾ ਕੇ, ਗਰਮੀ ਨਾਲ ਸਾਰਾ ਈ ਪਿਘਲ ਗਿਆ । ਨਾਂ ਸਿੱਟਣ ਨੂੰ ਜੀ ਕਰਦੈ ਨਾਂ ਰੱਖਣ ਨੂੰ । ਮੱਖੀਆਂ ਪਹਿਲਾਂ ਗੁੜ ਤੇ ਆ ਕੇ ਬਹਿੰਦੀਆਂ ਨੇ ਤੇ ਫਿਰ ਮੂੰਹ ਤੇ । ਜੇ ਮਾਰਾਂ ਤਾਂ ਚਪੇੜ ਆਵਦੇ ਹੀ ਮੂੰਹ ਤੇ ਵੱਜੂ । ਸਾਲੀਆਂ ਚਿਪਚਿਪੀਆਂ ਜਿਹੀਆਂ । ਗੌਰਮਿੰਟ ਨੇ ਅੱਡ ਯੱਬ ਖੜਾ ਕੀਤਾ ਹੋਇਐ ਦਾਰੂ ਸਸਤੀ ਕਰਕੇ । ਜੇ ਨਾਂ ਕਰਦੇ ਤਾਂ ਹੁਣ ਨੂੰ ਭਾਵੇਂ ਵੀਹ ਗੱਟੇ ਹੋਰ ਵੇਚ ਲੈਂਦੇ ।

ਲਾਈਟ ਇੱਕ ਝਮੱਕਾ ਮਾਰ ਕੇ ਫਿਰ ਚਲੀ ਗਈ । “ਸਾਲਿਓ ਇਹਦੇ ਨਾਲੋਂ ਤਾਂ ਨਾਂ ਛੱਡਦੇ, ਤਰਸਾਉਂਦੇ ਐ ਸਾਲੇ ਮੇਰੇ, ਬਿੱਲ ਇੰਉਂ ਭੇਜ ਦੇਣਗੇ ਜਿਵੇਂ ਸੋਨਾ ਵੇਚਿਆ ਹੋਵੇ, ਸਾਰੀ ਗਰਮੀ ਨਿੱਕਲ ਗਈ ਤੜਫਦਿਆਂ ਦੀ” । ਮੇਰੀ ਬੇਚੈਨੀ ਹੋਰ ਵਧ ਗਈ । ਅੱਜ ਤਾਂ ਅਜੇ ਪਹੁ ਫੁੱਟੀ ਨਹੀਂ ਸੀ ਕਿ ਲਾਈਟ ਚਲੀ ਗਈ । ਕਿਹੜਾ ਨਵੀਂ ਗੱਲ ਐ ? ਰੋਜ਼ ਦਾ ਇਹੀ ਨੇਮ ਐ । ਸਵੇਰੇ ਸਵੇਰੇ ਤਾਂ ਸੌਣ ਦਾ ਸੁਆਦ ਆਉਂਦੈ ਤੇ ਉਹੀ ਟਾਈਮ ਲਾਈਟ ਜਾਣ ਦਾ ਹੋ ਜਾਂਦੈ । ਰਾਤ ਨੂੰ ਬਾਰਾਂ ਤੋਂ ਦੋ ਦੇ ਕੱਟ ਨੇ ਅੱਡ ਲਹੂ ਪੀਤਾ ਹੋਇਐ । ਮੱਛਰ ਦੰਦੀਆਂ ਵੱਢ-ਵੱਢ ਕੇ ਖਾਂਦੈ ਤਾਂ ਅੱਗ ਚੜ੍ਹਦੀ ਐ । ਗਿੱਟੇ ਦੌਣ ਨਾਲ ਰਗੜ-ਰਗੜ ਕੇ ਛਿੱਲੇ ਪਏ ਨੇ । ਜੇ ਚਾਦਰ ਉੱਤੇ ਲਈਏ ਤਾਂ ਹੋਰ ਗਰਮੀ ਲਗਦੀ ਐ । ਧਨਵੰਤੀ ਦੇ ਘੁਰਾੜੇ ਅੱਡ ਅੱਗ ਤੇ ਘਿਉ ਦਾ ਕੰਮ ਕਰਦੇ ਹਨ । ਸਾਲੀ ਚੌਰਸ ਜਿਹੀ, ਰੱਬ ਜਾਣੇ ਕਿਸ ਮਿੱਟੀ ਦੀ ਬਣੀ ਹੋਈ ਐ, ਲਾਈਟ ਹੋਵੇ ਜਾਂ ਨਾਂ, ਚੌਥੇ ਮੰਜੇ ਤੇ ਪਈ ਵੀ ਘੁਰਰਰ ਘੁਰਰਰ ਕਰੀ ਜਾਂਦੀ ਐ । ਮੈਂ ਤਾਂ ਪੱਖੇ ਦੇ ਬਿਲਕੁੱਲ ਸਾਹਮਣੇ ਮੰਜੇ ਤੇ ਪਿਆ ਵੀ ਪੱਖੇ ਦੀ ਗਰਮ ਹਵਾ ਵਿੱਚ ਪਿਆ ਤੜਫਦਾ ਰਹਿੰਦਾ ਹਾਂ । ਅਜੇ ਚਾਰ ਪੰਜ ਸਾਲ ਪਹਿਲਾਂ ਤਾਂ ਸਾਡੇ ਮੰਜੇ ਬਰਾ-ਬਰੋਬਰ ਡਹਿੰਦੇ ਸੀ ਤੇ ਹੁਣ ਉਹ ਚੌਥੇ ਮੰਜੇ ਤੇ ਪਈ ਹੁੰਦੀ ਹੈ । ਕਈ ਵਾਰੀ ਚਿੱਤ ਕਰਦਾ ਹੈ ਕਿ ਉਹਨੂੰ ਆਪਣੇ ਮੰਜੇ ਤੇ ਬੁਲਾ ਲਵਾਂ ਪਰ ਉਹਦੇ ਨਾਲ ਪਿਆ ਚਿੰਟੂ ਟੈਂ ਟੈਂ ਕਰਨ ਲੱਗ ਪੈਂਦਾ ਹੈ । ਲੋਕਾਂ ਦੀਆਂ ਵੀ ਜ਼ਨਾਨੀਆਂ ਹਨ । ਬਣ ਠਣ ਕੇ ਰਹਿੰਦੀਆਂ ਹਨ । ਸੁਰਖੀ ਬਿੰਦੀ ਲਾ ਕੇ ਰਹਿੰਦੀਆਂ ਹਨ । ਪਰ ਇੱਕ ਇਹ ਹੈ, ਇਹਨੂੰ ਕੋਈ ਚੱਜ ਹੀ ਨਹੀਂ ।

ਮੈਂ ਗਰਮੀ ਵਿੱਚ ਤਰਲੋਮੱਛੀ ਹੁੰਦਾ ਹੋਇਆ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਹਾਂ । ਕਦੇ ਮੱਖੀਆਂ ਮਾਰਨ ਤੇ ਕਦੇ ਬਿਜਲੀ ਵਾਲਿਆਂ ਦਾ ਸਿਰ ਭੰਨਣ ਦੀਆਂ ਘਾੜਤਾਂ ਘੜਨ ਵਿੱਚ ਡੁੱਬਾ ਪਿਆ ਹਾਂ । “ਜੈ ਸ਼ਨੀ-ਦੇਵ” ਸ਼ਨਿਚਰੀਆ ਚਿੱਟੇ ਕੱਪੜੇ ਪਾਈ, ਚਿੱਟੀ ਪੱਗ ਬੰਨੀ, ਮੋਢੇ ਨਾਲ ਆਟੇ ਵਾਲਾ ਝੋਲਾ ਲਮਕਾਈ, ਤੇਲ ਵਾਲਾ ਡੋਲੂ ਲਈ ਬਾਰ ਵਿੱਚ ਆ ਖੜਦਾ ਹੈ । ਉਹਨੇ ਡੋਲੂ ਵਿੱਚ ਇੱਕ ਪੱਤਰੀ ਨੂੰ ਬੰਦੇ ਦਾ ਰੂਪ ਦੇ ਕੇ ਰੱਖਿਆ ਹੋਇਆ ਹੈ ਤੇ ਜੋਤ ਵੀ ਡੋਲੂ ਦੇ ਅੰਦਰ ਹੀ ਜਗਾ ਰੱਖੀ ਹੈ । “ਸਪੈਸ਼ਲ ਆਡਰ ਤੇ ਬਣਵਾਇਆ ਹੋਊਗਾ ਡੋਲੂ, ਜਿਹੜੀ ਜੋਤ ਵਿਚਾਲੇ ਫਿੱਟ ਕੀਤੀ ਹੋਈ ਹੈ ।” ਮੈਂ ਸੋਚਦਾ ਹਾਂ ਤੇ ਮੈਨੂੰ ਲੱਗਦਾ ਹੈ ਜਿਵੇਂ ਉਹਦੇ ਡੋਲੂ ਤੇ ਮੇਰੇ ਤੱਕੜੀ ਵੱਟਿਆਂ ਵਿੱਚ ਕੋਈ ਫਰਕ ਨਾਂ ਹੋਵੇ । “ਸ਼ਾਹ ਜੀ ਰਾਮ ਰਾਮ” ਸ਼ਨਿਚਰੀਆ ਆਪਣੇ ਪੀਲੇ ਦੰਦ ਦਿਖਾਉਂਦਾ ਹੋਇਆ ਹੀਂ ਹੀਂ ਕਰਦਾ ਹੱਥ ਜੋੜ ਕੇ ਬੈਠ ਜਾਂਦਾ ਹੈ । “ਆਉ ਜੀ ਮਾਰਾਜ੍ਹ, ਜੈ ਸ਼ਨੀ ਦੇਵਤਾ, ਮਿਹਰ ਰੱਖੀਂ” ਕਹਿੰਦਾ ਹੋਇਆ ਮੈਂ ਤੇਲ ਵਾਲੀ ਪੀਪੀ ਵਿੱਚੋਂ ਕੁੱਪੀ ਤੇਲ ਦੀ ਕੱਢ ਕੇ ਉਹਦੇ ਡੋਲੂ ਵਿੱਚ ਪਾ ਦਿੰਦਾ ਹਾਂ । ਕੁਝ ਤੇਲ ਸ਼ਨੀ ਦੇਵਤਾ ਦੀ ਪੱਤਰੀ ਵਾਲੀ ਫੋਟੋ ਤੇ ਚੜ੍ਹਾਉਂਦਾ ਹਾਂ ਤੇ ਇੱਕ ਰੁਪਇਆ ਡੋਲੂ ਵਿੱਚ ਪਾ ਕੇ ਸਾਰੇ ਪਰਿਵਾਰ ਤੇ ਕੰਮ ਕਾਰ ਦੀ ਸੁੱਖ ਮੰਗਦਾ ਹਾਂ ।

ਸ਼ਨਿਚਰੀਆ ਆਪਣੇ ਝੋਲੇ ਵਿੱਚੋਂ ਆਟਾ ਤੇ ਮਾਂਹ ਦੀ ਦਾਲ ਆਦਿ ਕੱਢੀ ਜਾ ਰਿਹਾ ਹੈ, ਵੇਚਣ ਲਈ ।

“ਬਾਬੂ ਜੀ ਬੱਚਾ ਸੁਬਹਾ ਸੇ ਭੂਖਾ ਹੈ । ਏਕ ਰੁਪਇਆ ਦੇ ਦੋ । ਭਗਵਾਨ ਆਪਕਾ ਭਲਾ ਕਰੇਗਾ ।” ਮੰਗਤੀ ਏਨੀ ਦੇਰ ਦੀ ਸ਼ਾਇਦ ਨਾਲ ਦੀ ਦੁਕਾਨ ਤੇ ਖੜੀ ਸੀ ।

Print this post

No comments: