ਇਤਿਹਾਸਿਕ ਗੁਰਦੁਆਰੇ ਵਿੱਚ ਸ਼ਬਦ ਜੋੜਾਂ ਦੀ ਬੇ-ਹੁਰਮਤੀ


ਇਸ ਲੇਖ ਨੂੰ ਲਿਖਣ ਲਈ ਜਿੰਨਾਂ ਸਮਾਂ ਸੋਚ-ਵਿਚਾਰ ਕੀਤੀ ਹੈ, ਯਾਦ ਨਹੀਂ ਕਦੀ ਹੋਰ ਕਿਸੇ ਆਰਟੀਕਲ ਨੂੰ ਲਿਖਣ ਲਈ ਕੀਤੀ ਹੋਵੇ ਮੇਰਾ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੋਣਾ ਵੀ ਇਸ ਸੋਚ-ਵਿਚਾਰ ਦਾ ਮਹੱਤਵਪੂਰਣ ਕਾਰਣ ਹੈ ਇਹ ਵਿਸ਼ਾ ਸੁਰੂ ਕਰਨ ਤੋਂ ਪਹਿਲਾਂ ਬਚਪਨ ਦੀ ਇੱਕ ਕੌੜੀ ਯਾਦ ਆਪਣੇ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਇਹ ਗੱਲ ਉਸ ਸਮੇਂ ਦੀ ਹੈ ਜਦ ਕਿ ਮੈਂ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਪੜਿਆ ਕਰਦਾ ਸੀ ਸਾਡਾ ਪਰਿਵਾਰ ਬੇਸ਼ਕ ਹਿੰਦੂ ਹੈ ਪਰ ਇਸ ਪਰਿਵਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਓਟ ਆਸਰਾ ਲਿਆ ਜਾਂਦਾ ਹੈ ਮੈਂ ਬਚਪਨ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰਹਿਰਾਸ ਸਾਹਿਬ ਦਾ ਪਾਠ ਕਰਨ ਜਾਇਆ ਕਰਦਾ ਸੀ ਸਾਡੇ ਪਿੰਡ ਦਾ ਇੱਕ ਹੋਰ ਲੜਕਾ ਜੋ ਕਿ ਉਸ ਸਮੇਂ ਯਾਨਿ ਕਿ ਤਕਰੀਬਨ 25 ਸਾਲ ਪਹਿਲਾਂ 22-23 ਸਾਲ ਦੀ ਉਮਰ ਦਾ ਸੀ, ਵੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਸੀ ਉਸਨੂੰ ਸਪੀਕਰ ਵਿੱਚ ਪਾਠ ਕਰਨ ਦੇ ਮੇਰੇ ਨਾਲੋਂ ਘੱਟ ਮੌਕੇ ਮਿਲਦੇ ਸਨ ਸ਼ਾਇਦ ਇਸੇ ਗੱਲ ਕਰਕੇ ਇੱਕ ਦਿਨ ਉਸਨੇ ਕਿਹਾ “ਤੂੰ ਹਿੰਦੂਆਂ ਦਾ ਮੁੰਡਾ ਹੋ ਕੇ ਰਹਿਰਾਸ ਸਾਹਿਬ ਦਾ ਪਾਠ ਕਿਉਂ ਕਰਦਾ ਹੈ ?” ਨਾ-ਸਮਝੀ ਦੀ ਇਸ ਉਮਰ ਵਿੱਚ ਉਸਦੀ ਇਸ ਗੱਲ ਨੇ ਮੇਰੇ ਦਿਮਾਗ ਤੇ ਬਹੁਤ ਬੁਰਾ ਪ੍ਰਭਾਵ ਪਾਇਆ ਸ਼ਾਇਦ ਇਹ ਉਸ ਪ੍ਰਭਾਵ ਦਾ ਹੀ ਨਤੀਜਾ ਸੀ ਕਿ ਮਿਡਲ ਕਲਾਸ ਸ਼ੁਰੂ ਕਰਨ ਤੋਂ ਵੀ ਪਹਿਲਾਂ ਮੈਂ ਡਾਕਟਰ ਕਾਵੂਰ ਨੂੰ ਪੜਨ ਲੱਗ ਪਿਆ ਫਿਰ ਕਦੇ-ਕਦੇ ਮਾਤਾ ਦੀ ਚੁੰਨੀ ਦੀ ਤੇ ਬਾਅਦ ਵਿੱਚ ਦਸਵੀਂ ਕਰਦਿਆਂ ਪਟਿਆਲਾ ਸ਼ਾਹੀ ਪੱਗ ਵੀ ਬੰਨਣੀ ਸ਼ੁਰੂ ਕੀਤੀ, ਪਰ ਉਸ ਠੋਕਰ ਤੇ ਬਦਲੇ ਹੋਏ ਵਿਚਾਰਾਂ ਨੇ ਇਹ ਸਭ ਕੁਝ ਜ਼ਿਆਦਾ ਦੇਰ ਨਾਂ ਚੱਲਣ ਦਿੱਤਾ ਤੇ ਇਸ ਦਾ ਨਤੀਜਾ ਕਲੀਨ ਸ਼ੇਵ ਬਣ ਕੇ ਨਿਕਲਿਆ ਅੱਜ ਵੀ ਮੈਨੂੰ ਆਪਣੇ ਘਰੇਲੂ ਨਾਮ “ਰਾਜੂ” ਤੋਂ “ਰਾਜਬੀਰ ਸਿੰਘ” ਬਨਣ ਦਾ ਸੁਪਨਾ ਯਾਦ ਹੈ, ਪਰ ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ ਖ਼ੈਰ ! ਇਹ ਤਾਂ ਸੀ ਮੇਰੀ ਜਿੰਦਗੀ ਦਾ ਕੌੜਾ ਅਧਿਆਏ, ਜਿਸਨੇ ਮੇਰੀ ਜਿੰਦਗੀ ਪੂਰਨ ਰੂਪ ਵਿੱਚ ਬਦਲ ਦਿੱਤੀ ਹਾਲਾਂਕਿ ਜਿਸ ਵਿਸ਼ੇ ਤੇ ਇਹ ਲੇਖ ਲਿਖ ਰਿਹਾ ਹਾਂ, ਉਹ ਅਜੋਕੇ ਸਮੇਂ ਦਾ ਬਹੁਤ ਮਹੱਤਵਪੂਰਣ ਵਿਸ਼ਾ ਹੈ ਤੇ ਬਹੁਤ ਕੁਝ ਇਸ ਵਿਸ਼ੇ ਤੇ ਲਿਖਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਦਾ ਕਾਰਣ ਇਹੀ ਹੈ ਕਿ ਕੋਈ ਅਜਿਹੀ ਗੱਲ ਨਾਂ ਲਿਖੀ ਜਾਵੇ, ਜਿਸ ਕਰਕੇ ਮੇਰੇ ਜਾਂ ਕਿਸੇ ਹੋਰ ਦੇ ਵਿਚਾਰਾਂ ਨੂੰ ਕੋਈ ਠੇਸ ਪਹੁੰਚੇ


ਆਸਟਰੇਲੀਆ ਆਉਣ ਤੋਂ ਪਹਿਲਾਂ ਮੈਨੂੰ ਪਰਿਵਾਰ ਸਮੇਤ ਸ੍ਰੀਨਗਰ ਜਾਣ ਦਾ ਮੌਕਾ ਮਿਲਿਆ ਪਹਿਲੀ ਵਾਰੀ ਇਸ ਇਲਾਕੇ ਵਿੱਚ ਜਾਣਾ ਹੋਣ ਕਰਕੇ ਇੰਟਰਨੈੱਟ ਤੇ ਸ੍ਰੀਨਗਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਰੇ ਪਤਾ ਲੱਗਾ ਬੁੱਧਵਾਰ ਦੀ ਰਾਤ ਸ੍ਰੀਨਗਰ ਪੁਹੰਚੇ ਤੇ ਵੀਰਵਾਰ ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗਏ ਹਾਲਾਂਕਿ ਮੰਗਲਵਾਰ ਨੂੰ ਹੀ ਤਾਂ ਫਰੀਦਕੋਟ ਤੋਂ ਜੰਮੂ ਲਈ ਰੇਲਗੱਡੀ ਚੜੇ ਸਾਂ ਪਰ ਪ੍ਰਦੇਸ ਵਿੱਚ “ਆਪਣੇ” ਬੰਦਿਆਂ ਨੂੰ ਮਿਲਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਅਜੀਬ ਜਿਹੀ ਸੰਤੁਸ਼ਟੀ ਦਾ ਅਹਿਸਾਸ ਹੋਇਆ “ਆਪਣੇ ਬੰਦੇ” ਦੀ ਛੋਟੀ ਜਿਹੀ ਕਰਿਆਨੇ ਤੇ ਗੋਲੀਆਂ ਟਾਫੀਆਂ ਦੀ ਦੁਕਾਨ ਸੀ, ਜਿੱਥੇ ਗੁਟਕਿਆਂ ਦੀਆਂ ਲੜੀਆਂ ਬਾਹਰ ਹੀ ਲਟਕ ਰਹੀਆਂ ਸਨ ਮੈਨੂੰ ਇਸ ਗੱਲ ਦਾ ਪਹਿਲਾਂ ਅਹਿਸਾਸ ਹੀ ਨਹੀਂ ਸੀ ਕਿ ਪਾਠਕ ਵੀਰਾਂ ਨੂੰ ਸ੍ਰੀਨਗਰ ਦੀ ਸੈਰ ਕਰਵਾਉਣ ਤੋਂ ਪਹਿਲਾਂ ਅਜਿਹੇ ਗੰਭੀਰ ਵਿਸ਼ੇ ਤੇ ਵੀ ਲਿਖਣਾ ਪਵੇਗਾ, ਇਸ ਲਈ ਉਸ ਦੁਕਾਨ ਤੇ ਗੁਟਕੇ ਤੋਂ ਬਿਨਾਂ ਕਿਸੇ ਹੋਰ ਅਜਿਹੀ ਵਸਤੂ ਦੇ ਮਿਲਣ ਬਾਰੇ ਧਿਆਨ ਨਾਂ ਦਿੱਤਾ, ਜਿਸਦੀ ਵਰਤੋਂ ਤੇ ਸਿੱਖ ਧਰਮ ਵਿੱਚ ਮਨਾਹੀ ਹੋਵੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਲੋਕਲ ਸ਼ਰਧਾਲੂਆਂ ਦੇ ਚਿਹਰੇ ਤੇ ਅਜਨਬੀਆਂ ਲਈ ਆਏ ਹੋਏ ਭਾਵ ਦੇਖਕੇ ਆਪਣੇ ਬਾਰੇ ਦੱਸਿਆ ਤੇ ਹੱਥ-ਪੈਰ ਧੋ ਕੇ ਅੰਦਰ ਮੱਥਾ ਟੇਕ ਬਾਹਰ ਆ ਗਏ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜਨ ਲਈ ਕਿਹਾ ਅੰਦਰ ਜਾ ਕੇ ਖੱਬੇ ਹੱਥ ਮੁੜ ਕੇ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਦੋ ਪ੍ਰਕਾਸ਼ ਕੀਤੇ ਹੋਏ ਹਨ ਮਾਤਾ ਭਾਗਭਰੀ ਵੱਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਚੋਲਾ ਭੇਂਟ ਕਰਨ ਅਤੇ ਉਸ ਉਪਰੰਤ ਆਪਣੇ ਪ੍ਰਾਣ ਤਿਆਗ ਕਰਨ ਨਾਲ ਸਬੰਧਿਤ ਉਕਤ ਗੁਰਦੁਆਰਾ ਸਾਹਿਬ ਵਿਖੇ ਮਾਤਾ ਭਾਗਭਰੀ ਟRਸਟ ਦਿੱਲੀ ਅਤੇ ਚਰਨਜੀਤ ਸਿੰਘ ਬਖ਼ਸ਼ੀ ਵੱਲੋਂ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਉਕਤ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਵਰਨਣ ਕਰਦੇ ਹੋਏ ਪੰਜਾਬੀ ਭਾਸ਼ਾ ਦਾ ਜਿਸ ਤਰੀਕੇ ਨਾਲ “ਕਤਲ” ਕੀਤਾ ਗਿਆ ਹੈ ਅਤੇ ਉਸ ਵਿੱਚ ਸੋਧ ਕਰਨ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜਾਂ ਕਿਸੇ ਹੋਰ ਸੱਜਣ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਨਹੀਂ ਜਾਪਦੀ ਜੋ ਇਤਿਹਾਸ ਇੱਕ ਸੁੰਦਰ ਸੁਨਿਹਰੀ ਫਰੇਮ ਵਿੱਚ ਮੜਾ ਕੇ ਦੀਵਾਰ ਤੇ ਲਗਾਇਆ ਗਿਆ ਹੈ, ਇੰਨ-ਬਿੰਨ ਲਿਖ ਰਿਹਾ ਹਾਂ :


ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੰਨ 1616 ਈਸਵੀ ਵਿੱਚ ਗੋਵਿੰਦਵਾਲ ਤੋਂ ਚਲ ਕੇ ਵਜ਼ੀਰਾਬਾਦ ਮੀਰਪੁਰ ਤੋਂ ਹੋਂਦੇ ਹੋਏ ਆਪਣੇ ਕਸ਼ਮੀਰ ਆਗਮਨ ਦੌਰਾਨ ਇਸ ਅਸਥਾਨ ਤੇ ਵੀ ਆਏ ਸਨ ਅਤੇ ਇਥੇ ਦੀ ਰਹਣ ਵਾਲੀ ਇੱਕ ਬਿਰਧ ਮਾਈ ਮਾਤਾ ਭਾਗਭਰੀ ਜਿਹੜੀ ਉਹਨਾਂ ਦੇ ਦਰਸ਼ਨਾਂ ਲਈ ਕਈ ਸਾਲਾਂ ਤੋਂ ਉੜੀਕ ਕਰ ਰਹੀ ਸੀ ਨੂੰ ਆ ਕੇ ਦਰਸ਼ਨ ਦਿੱਤੇ ਮਾਤਾ ਭਾਗਭਰੀ ਨੇ ਖੱਦਰ ਦਾ ਚੋਲਾ ਗੁਰੁ ਸਾਹਿਬ ਵਾਸਤੇ ਆਪਣੀ ਹੱਥੀ ਕੱਤਿਆ ਹੋਈਆਂ ਸੀ ਜੋ ਮਾਤਾ ਭਾਗਭਰੀ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਨੂੰ ਭੇਂਟ ਕਿੱਤਾ ਅਤੇ ਗੁਰੁ ਜੀ ਨੇ ਬੜੀ ਚਾਹ ਨਾਲ ਖਦਰ ਦਾ ਚੋਲਾ ਪਹਨਿਆ


ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਬਿਰਧ ਮਾਤਾ ਨੇ ਗੁਰੁ ਸਾਹਿਬ ਅੱਗੇ ਬੇਨਤੀ ਕਿੱਤੀ ‘ਹੇ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਬਖਸ਼ੋ ਤਾਕਿ ਮੈਂ ਤੁਹਾਡੇ ਦਰਸ਼ਨ ਕਰ ਸਕਾ ਕਹਿੰਦੇ ਨੇ ਗੁਰੁ ਹਰਗੋਬਿੰਦ ਸਾਹਿਬ ਨੇ ਆਪਣਾ ਬਰਛਾ ਜ਼ਮੀਨ ਵਿੱਚ ਮਰਿਆ ਅਤੇ ਜ਼ਮੀਨ ਚੋ ਨਿਕੱਲਿਆ ਪਾਣੀ ਦਾ ਛਿੰਟਾ (ਅੰਮ੍ਰਿਤ) ਮਾਤਾ ਦੀਆ ਅੱਖਾਂ ਤੇ ਮਾਰ ਕੇ ਮਾਤਾ ਨੂੰ ਅੱਖਾਂ ਦੀ ਰੋਸ਼ਨੀ ਬਖ਼ਸ਼ੀ ਆਪਣੇ ਸਾਮਹਣੇ ਗੁਰੁ ਸਾਹਿਬ ਦਾ ਨੁਰਾਨੀ ਚਿਹਰਾ ਵੇਖਕੇ ਮਾਤਾ ਗਦਗਦ ਹੋਈ


ਮਾਈ ਸੁਨਿ ਧਰਿ ਧੀਰ ਪ੍ਰੇਮ ਚਲਕ ਡਾਢੀ ਭਈ

ਸੁੱਧ ਨਾ ਰਹੀ ਸਰੀਰ ਸ਼੍ਰੀ ਗੁਰੁ ਦਰਸ਼ਨ ਨਿਹਾਰ ਕੇ
(ਗੁਰੂ ਬਿਲਾਸ ਪਾਤਸ਼ਾਹੀ ਛੇਵੀਂ)

(ਕਵੀ ਸੰਤੋਖ ਸਿੰਘ)


ਭਾਗਾਂ ਵਾਲੀ ਭਾਗ ਭਰੀ ਦੀਆਂ ਅੱਖਾਂ ਚੋ ਹੰਜੂ ਟੱਪਕ ਪਏ ਅਤੇ ਕੰਬਦੀ ਹੋਈ ਬਿਰਧ ਮਾਤਾ ਦੇ ਮੁੱਹ ਚੋ ਇਹ ਬੱਚਨ ਨਿਕੱਲੇ ਹੇ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋ ਬਾਦ ਕੁੱਝ ਹੋਰ ਨਹੀ ਵੇਖਣਾ ਚਾਹੁੰਦੀ ਮੈਨੂੰ ਮੁੱਕਤੀ ਬਖ਼ਸ਼ੋ ਇਹ ਕਹਿ ਕੇ ਮਾਤਾ ਨੇ ਆਪਣਾ ਸ਼ਰੀਰ ਤਿਆਗ ਦਿੱਤਾ ਗੁਰੁ ਜੀ ਨੇ ਆਪਣੀ ਹੱਥੀ ਮਾਤਾ ਜੀ ਦਾ ਸੰਸਕਾਰ ਕੀਤਾ ਇਸ ਥਾਂ ਤੇ ਮਾਤਾ ਜੀ ਦੀ ਸਮਾਧ ਕਾਇਮ ਹੈ ਅਤੇ ਇਸਦੇ ਨਾਲ ਉਹ ਖੂਹ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਆਪਣਾ ਬਰਛਾ ਮਾਰ ਕੇ ਅੰਮ੍ਰਿਤ ਕਢਿਆ ਸੀ ਗੁਰੁ ਜੀ ਨੇ ਮਾਤਾ ਭਾਗ ਭਰੀ ਦੇ ਸਪੁੱਤਰ ਭਾਈ ਸੇਵਾ ਦਾਸ ਨੂੰ ਇਸ ਅਸਥਾਨ ਦੀ ਸੇਵਾ ਸੋਪੀ ਅਤੇ ਕਸ਼ਮੀਰ ਵਿੱਚ ਸਿੱਖ ਪਰਮ ਦੇ ਪ੍ਰਚਾਰ ਦਾ ਹੁਕੱਮ ਦੇ ਕੇ ਗੁਰੂ ਜੀ ਵਾਪਿਸ ਅੰRਮਿਤਸਰ ਨੂੰ ਚਲ ਪਏ ਇਹ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਾਣਿਆ ਹੋਇਆ ਹੈ ਇਤਿਹਾਸਕਾਰ ਲਿੱਖਦੇ ਨੇ ਕਿ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਬਾਰਾਮੂਲਾ, ਸ਼ਾਦੀ ਮਰਗ, ਕਲਮਪੁਰਾ, ਉੜੀ ਅਤੇ ਮੁਜਫਰਾਬਾਦ ਵੀ ਠਹਰੇ ਗਏ ਸਨ ਉਹਨਾਂ ਥਾਵਾਂ ਤੇ ਵੀ ਗੁਰੂ ਜੀ ਦੀ ਯਾਦ ਵਿੱਚ ਗੁਰੂਦੁਵਾਰੇ ਬਣੇ ਹੋਏ ਹਨ ਭਾਈ ਸੇਵਾ ਦਾਸ ਦੇ ਪਰਿਵਾਰ ਨੇ ਅੱਠ ਪੀੜੀਆਂ ਤੱਕ ਇਸ ਗੁਰੂਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੀਤੀ ਅਠਵੀਂ ਪੀੜੀ ਵਿੱਚ ਸੱਚਖੰਡ ਮਹੰਤ ਭਾਈ ਜਗਦੀਸ਼ ਸਿੱਘ ਜੀ ਨੇ ਇਸ ਸੇਵਾ ਨੂੰ ਬੜੀ ਸ਼ਰਧਾ ਨਾਲ ਨਿਭਾਇਆ

ਭੇਂਟ ਕਰਤਾਮਾਤਾ ਭਾਗਭਰੀ ਟRਸਟ ਦਿੱਲੀ ਅਤੇ ਚਰਨਜੀਤ ਸਿੰਘ ਬਖ਼ਸ਼ੀ 9811161038

ਇਤਿਹਾਸ ਵਾਲੇ ਫੋਟੋ ਫਰੇਮ ਵਿੱਚ ਗੁਰੂ ਸਾਹਿਬ ਦੁਆਰਾ ਮਾਤਾ ਭਾਗਭਰੀ ਤੋਂ ਚੋਲਾ ਲੈਂਦਿਆਂ ਦਿਖਾਇਆ ਗਿਆ ਹੈ ਜਿਸ ਸਥਾਨ ਤੇ ਮਾਤਾ ਭਾਗਭਰੀ ਵੱਲੋਂ ਗੁਰੂ ਜੀ ਨੂੰ ਚੋਲਾ ਭੇਂਟ ਕੀਤਾ ਗਿਆ ਉਸ ਥੜੇ ‘ਤੇ ਅਤੇ ਜਿੱਥੇ ਮਾਤਾ ਜੀ ਵੱਲੋਂ ਸੁਆਸ ਤਿਆਗੇ ਗਏ, ਉਸ ਸਥਾਨ ਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਇਸ ਜਗਾ ਤੇ ਬੋਰਡ ਲੱਗਾ ਹੈ :


“ਦਲਿ ਭੰਜਨ ਗੁਰ ਸ਼ਰਮਾ, ਵਡਿ ਜੋਧਾ ਬਹੁ ਪਰ ਉਪਕਾਰੀ

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਮਾਤਾ ਭਾਗ ਭਰੀ ਦੀ ਭੇਟਾ ਚੋਲਾ ਅਸਥਾਨਮਾਤਾ ਭਾਗ ਭਰੀ ਜੀ ਦੀ ਆਖੰਡ ਸਮਾਧੀ ਲਾ ਕੇ ਯੋਗਿਆ ਵਾਂਗ ਗੁਰੂ ਜੀ ਦੇ ਚਰਨਾ ਵਿਚ ਪ੍ਰਾਨ ਤਿਆਗਨ ਦਾ ਅਸਥਾਨ

ਇਤਿਹਾਸ ਵਾਲੇ ਫੋਟੋ ਫਰੇਮ ਤੇ ਬੋਰਡ ਵਿੱਚ ਪੰਜਾਬੀ ਲਿਖਣ ਵਿੱਚ ਅਨੇਕਾਂ ਗ਼ਲਤੀਆਂ ਨੂੰ ਲੈ ਕੇ ਮੈਂ ਧਰਮ ਬਾਰੇ ਜਾਣਕਾਰੀ ਰੱਖਣ ਵਾਲੇ ਕਈ ਸਿੱਖ ਵੀਰਾਂ ਨਾਲ ਮਸ਼ਵਰਾ ਕੀਤਾ ਇੱਕ ਹੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਗ਼ਲਤੀਆਂ ਨੂੰ ਗ਼ੈਰ ਪੰਜਾਬੀ ਏਰੀਆ ਮੰਨ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਏ ਜਾਂ ਇਹ ਜ਼ਰੂਰੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਬਾਰੇ ਪੂਰਨ ਜਾਣਕਾਰੀ ਹੋਵੇ ਜੇਕਰ ਜ਼ਿਆਦਾ ਨਾਂ ਸੋਚਿਆ ਜਾਵੇ ਤਾਂ ਘੱਟੋ ਘੱਟ ਆਪਣੇ ਗੁਰੂ ਸਾਹਿਬਾਨ ਦੇ ਨਾਮ ਬਾਰੇ ਤਾਂ ਹਰ ਗੁਰਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਫੋਟੋ ਫਰੇਮ ਵਿੱਚ “ਹਰਗੋਬਿੰਦ ਸਾਹਿਬ” ਅਤੇ ਦੂਜੇ ਬੋਰਡ ਤੇ “ਹਰਿ ਗੋਬਿੰਦ ਸਾਹਿਬ” ਲਿਖਿਆ ਹੋਇਆ ਹੈ ਇਸਤੋਂ ਇਲਾਵਾ ਮਾਤਰਾਵਾਂ ਦੀਆਂ ਬੇਸ਼ੁਮਾਰ ਗ਼ਲਤੀਆਂ ਪਾਠਕ ਉੱਪਰ ਪੜ ਸਕਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅੱਜ ਤੱਕ ਕੋਈ ਵੀ ਰਾਗੀ ਜੱਥਾ ਜਾਂ ਕੋਈ ਜੱਥੇਦਾਰ ਇਸ ਗੁਰਦੁਆਰਾ ਸਾਹਿਬ ਵਿਖੇ ਨਹੀਂ ਗਿਆ, ਜਿਸਨੂੰ ਪੰਜਾਬੀ ਦਾ ਪੂਰਨ ਗਿਆਨ ਹੋਵੇ ? ਜਾਂ ਜਾਣ ਵਾਲੇ ਰਾਗੀ ਜੱਥਿਆਂ ਤੇ ਜੱਥੇਦਾਰਾਂ ਨੂੰ ਮਿਲਣ ਵਾਲੇ ਸਰੋਪਿਆਂ ਨੇ ਇਸ ਗ਼ਲਤੀ ਤੇ ਪਰਦਾ ਪਾ ਦਿੱਤਾ ? ਕੀ ਅੱਜ ਤੱਕ ਕਿਸੇ ਪੰਜਾਬੀ ਨੇ ਇਹਨਾਂ ਗ਼ਲਤੀਆਂ ਨੂੰ ਨਹੀਂ ਦੇਖਿਆ ਜਾਂ ਪ੍ਰਬੰਧਕਾਂ ਨੂੰ ਨਹੀਂ ਦੱਸਿਆ ? ਜੇਕਰ ਪ੍ਰਬੰਧਕਾਂ ਨੂੰ ਕਿਸੇ ਨੇ ਨਿਗਾ ਕਰਵਾਈ ਹੈ ਤਾਂ ਕੀ ਉਹਨਾਂ ਨੇ ਇਸ ਮਹਾਂ-ਗ਼ਲਤੀ ਨੂੰ ਮਾਮੂਲੀ ਗ਼ਲਤੀ ਸਮਝ ਕੇ ਅੱਖੋਂ-ਪਰੋਖੇ ਕਰ ਦਿੱਤਾ ? ਇਹ ਵੀ ਹੋ ਸਕਦਾ ਹੈ ਕਿ ਜਿੰਨਾਂ ਕੁ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵਿੱਚ ਅਜਿਹੀਆਂ ਗ਼ਲਤੀਆਂ/ਤਰੁੱਟੀਆਂ ਦੇ ਸੁਧਾਰ ਲਈ ਕੋਈ ਜਗਾ ਹੀ ਨਾਂ ਰੱਖੀ ਹੋਵੇ ਅਸਲੀਅਤ ਕੀ ਹੈ, ਉਹ ਤਾਂ ਪ੍ਰਬੰਧਕ ਕਮੇਟੀ/ਟਰੱਸਟ ਜਾਂ ਫੋਟੋ ਬਨਵਾਉਣ ਵਾਲੇ ਸ਼ਰਧਾਲੂ ਸ੍ਰ. ਚਰਨਜੀਤ ਸਿੰਘ ਬਖ਼ਸ਼ੀ (ਜਿਸ ਦਾ ਮੋਬਾਇਲ ਨੰਬਰ ਵੀ ਨਾਲ ਛਪਿਆ ਹੋਇਆ ਹੈ) ਹੀ ਜਾਣਦੇ ਹੋਣਗੇ ਸ਼੍ਰੀਨਗਰ ਇੱਕ ਅੰਤਰ-ਰਾਸ਼ਟਰੀ ਪੱਧਰ ਦਾ ਟੂਰਿਸਟ ਸਥਾਨ ਹੈ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਹਰ ਸਾਲ ਸੈਰ ਕਰਨ ਲਈ ਆਉਂਦੇ ਹਨ, ਜਿਨਾਂ ਵਿੱਚੋਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੀ ਜਾਂਦੇ ਹੋਣਗੇ ਸੋਚਣ ਵਾਲੀ ਗੱਲ ਹੈ ਕਿ ਆਉਣ ਵਾਲੇ ਪੰਜਾਬੀ ਜਾਣਦੇ ਵਿਦੇਸ਼ੀ ਲੋਕ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਕੀ ਸੋਚਦੇ ਹੋਣਗੇ ? ਇਹੀ ਨਾਂ ਕਿ ਉਹ ਤਾਂ ਵਿਦੇਸ਼ਾਂ ਵਿੱਚ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਕਿੰਨੇ ਯਤਨ ਕਰ ਰਹੇ ਹਨ ਤੇ ਇੱਥੇ ਦੀਵੇ ਥੱਲੇ ਹਨੇਰਾ ਹੀ ਹਨੇਰਾ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰਚਾਰ ਲਈ ਹਰ ਸਾਲ ਕਰੋੜਾਂ ਰੁਪਏ ਦੇ ਬਜਟ ਦਾ ਪ੍ਰਬੰਧ ਕਰਦੀ ਹੈ ਇਸ ਤਰਾਂ ਮਾਲੂਮ ਹੁੰਦਾ ਹੈ ਕਿ ਉਹ ਬਜਟ ਸਹੀ ਤਰੀਕੇ ਨਾਲ ਖ਼ਰਚਿਆ ਨਹੀਂ ਜਾ ਰਿਹਾ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿੱਥੇ ਉਸਨੇ ਧਰਮ ਪ੍ਰਚਾਰ ਦਾ ਬੀੜਾ ਚੁੱਕਿਆ ਹੋਇਆ ਹੈ, ਉਥੇ ਅਜਿਹੀਆਂ ਵਿਆਕਰਣ ਦੀਆਂ ਗ਼ਲਤੀਆਂ/ਅਸ਼ੁੱਧੀਆਂ ਨੂੰ ਵੀ ਸੁਧਾਰਣ ਲਈ ਕਦਮ ਚੁੱਕੇ

Print this post

No comments: