ਬਾਡੀ ਬਿਲਡਿੰਗ ਦਾ ਹੀਰਾ


ਬਚਪਨ ਵਿੱਚ ਸੁਣਿਆ ਸੀ ਕਿ ਮੋਰ ਆਪਣੇ ਪੈਰਾਂ ਵੱਲ ਦੇਖ ਕੇ ਬਹੁਤ ਦੁਖ਼ੀ ਹੁੰਦਾ ਹੈ ਕਿ ਉਸਦੇ ਪੈਰ ਸੋਹਣੇ ਨਹੀਂ ਹਨ । ਕੁਝ ਅਜਿਹੀ ਹੀ ਤਕਦੀਰ ਪਾਈ ਹੈ ਹੀਰਾ ਸਿੰਘ ਸੰਧੂ ਨੇ । ਸਿਰਫ਼ ਨਾਮ ਦਾ ਹੀ ਨਹੀਂ ਸਗੋਂ ਸੱਚਮੁੱਚ ਦਾ ਹੀਰਾ, ਜੋ ਪੰਜਾਬ ਦੀ ਬਾਡੀ ਬਿਲਡਿੰਗ ਟੀਮ ਵਿੱਚ ਆਪਣੀ ਚਮਕ ਬਿਖੇਰ ਰਿਹਾ ਹੈ ।

ਪਿੰਡ ਸ਼ਾਹਵਾਲਾ (ਜਿਲ੍ਹਾ ਫਿਰੋਜ਼ਪੁਰ) ਦੇ ਨੰਬਰਦਾਰ ਲਖਵੀਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ 2 ਜਨਵਰੀ 1981 ਨੂੰ ਚੰਨ ਵਰਗੇ ਪੁੱਤਰ ਹੀਰੇ ਨੂੰ ਜਨਮ ਦਿੱਤਾ । ਦੋ ਸਾਲ ਦੀ ਉਮਰ ਵਿੱਚ ਬੁਖ਼ਾਰ ਦਾ ਗ਼ਲਤ ਟੀਕਾ ਲੱਗਣ ਕਰਕੇ ਹੀਰੇ ਦੀਆਂ ਦੋਵੇਂ ਲੱਤਾਂ ਪੋਲੀਓ ਦੀਆਂ ਸਿ਼ਕਾਰ ਹੋ ਗਈਆਂ । ਡਾਕਟਰ ਦੀ ਲਾਪਰਵਾਹੀ ਦਾ ਸਿ਼ਕਾਰ ਹੀਰਾ ਬੇਸਮਝੀ ਦੀ ਉਮਰ ਵਿੱਚ ਹੀ ਅਪਾਹਿਜ ਹੋ ਗਿਆ । ਠੁਮਕ-ਠੁਮਕ ਕੇ ਚੱਲਣ ਦੀ ਉਮਰ ਵਿੱਚ ਜਦੋਂ ਹੀਰਾ ਹੱਥਾਂ ਭਾਰ ਰਿੜਦਾ ਤਾਂ ਮਾਂ-ਬਾਪ ਦਾ ਦਿਲ ਖੂਨ ਦੇ ਹੰਝੂ ਰੋਂਦਾ । ਜਲਦੀ ਹੀ ਹੀਰੇ ਦਾ ਸਹਾਰਾ ਵੈਸਾਖੀਆਂ ਬਣ ਗਈਆਂ । ਕੁਝ ਸਾਲ ਪਹਿਲਾਂ ਵਿਸ਼ਾਖਾਪਟਨਮ ਵਿਖੇ ਹੀਰੇ ਦੀਆਂ ਲੱਤਾਂ ਦਾ ਅਪਰੇਸ਼ਨ ਹੋਇਆ ਤੇ ਉਹ ਵੈਸਾਖੀਆਂ ਛੱਡ ਕੇ ਇੱਕ ਹਾਕੀ ਦੇ ਸਹਾਰੇ ਤੁਰਨ ਲੱਗ ਪਿਆ ।


ਹੀਰੇ ਨੇ ਦਸਵੀਂ ਤੱਕ ਦੀ ਪੜ੍ਹਾਈ ਸ਼੍ਰੀ ਤਾਰਾ ਚੰਦ ਅਗਰਵਾਲ ਸੀਨੀਅਰ ਸਕੈਂਡਰੀ ਸਕੂਲ ਜ਼ੀਰਾ ਤੋਂ ਪ੍ਰਾਪਤ ਕੀਤੀ । ਫਿਰ 10+2 ਕਰਕੇ ਇੱਕ ਸਾਲਾ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ ।

ਹੀਰੇ ਦੇ ਦਾਦਾ ਜੀ ਨੂੰ ਸ਼ੌਕ ਸੀ ਕਿ ਉਹਨਾਂ ਦਾ ਪੁੱਤਰ ਪਹਿਲਵਾਨ ਬਣੇ । ਇਸ ਲਈ ਹੀਰੇ ਦੇ ਚਾਚਾ ਜੀ ਕੁਲਬੀਰ ਸਿੰਘ ਘਰੇ ਹੀ ਵੇਟ ਲਿਫਟਿੰਗ ਕਰਿਆ ਕਰਦੇ ਸਨ । ਉਹ ਪਹਿਲਵਾਨ ਤਾਂ ਨਹੀਂ ਬਣ ਸਕੇ ਪਰ ਕਬੱਡੀ ਦੇ ਚੰਗੇ ਖਿਡਾਰੀ ਜ਼ਰੂਰ ਬਣ ਗਏ । ਚਾਚਾ ਜੀ ਨੂੰ ਵੇਟ ਲਿਫਟਿੰਗ ਕਰਦਿਆਂ ਦੇਖ ਕੇ ਹੀਰਾ ਵੀ ਵੈਸਾਖੀਆਂ ਦੇ ਸਹਾਰੇ ਹੌਲੀ-ਹੌਲੀ ਚਲਦਾ ਉਹਨਾਂ ਦੇ ਕੋਲ ਆ ਕੇ ਖੜ ਜਾਂਦਾ ਤੇ ੳੇੁਹਨਾਂ ਨੂੰ ਲੋਹੇ ਨਾਲ਼ ਖੇਡਦਿਆਂ ਤੱਕਦਾ ਰਹਿੰਦਾ । ਦਿਲ ਵਿੱਚ ਵਲਵਲੇ ਉੱਠਦੇ ਲੋਹੇ ਦੀਆਂ ਬੁੱਚੀਆਂ ਪਾਉਣ ਦੇ, ਪਰ ਸਿਰਫ਼ ਨਾਮ ਦੀਆਂ ਲੱਤਾਂ ਦੇਖ ਕੇ ਹੀਰਾ ਮਨ ਮਸੋਸ ਕੇ ਰਹਿ ਜਾਂਦਾ । ਉਸਦੇ ਅਰਮਾਨਾਂ ਨੂੰ ਪਹਿਚਾਣਿਆ ਵੱਡੇ ਵੀ ਰਾਜਵਿੰਦਰ ਸਿੰਘ ਨੇ, ਜੋ ਆਪ ਵੀ ਸ਼ੌਕੀਆ ਤੌਰ ਤੇ ਵੇਟ ਟ੍ਰੇਨਿੰਗ ਕਰਦੇ ਹਨ । ਰਾਜਵਿੰਦਰ ਨੇ ਹੀਰੇ ਨੂੰ ਵੇਟ ਪਕੜਾਉਣਾ ਤੇ ਸਹਾਰਾ ਦੇ ਕੇ ਲਵਾਉਣਾਂ ਸ਼ੁਰੂ ਕੀਤਾ । ਚੰਗੀ ਖੁਰਾਕ ਤੇ ਭਰਪੂਰ ਮਿਹਨਤ ਦੇ ਸਿਰ ਤੇ ਹੀਰੇ ਦੇ ਸਰੀਰ ਵਿੱਚ ਦਿਨ ਬ ਦਿਨ ਫਰਕ ਪੈਣਾਂ ਸ਼ੁਰੂ ਹੋ ਗਿਆ । ਹੀਰੇ ਦੀ ਅਸਲ ਤਪੱਸਿਆ ਉਦੋਂ ਸ਼ੁਰੂ ਹੋਈ, ਜਦ ਪਿੰਡ ਦਾ ਇੱਕ ਬੰਦਾ ਹੀਰੇ ਦੇ ਘਰ ਉਸ ਸਮੇ ਆਇਆ ਜਦੋਂ ਉਹ ਵੇਟ ਟ੍ਰੇਨਿੰਗ ਕਰ ਰਿਹਾ ਸੀ । ਉਸ ਸਮੇਂ ਕੁਦਰਤੀ ਬੈਲੈਂਸ ਵਿਗੜ ਜਾਣ ਕਰਕੇ ਵੇਟ ਥੱਲੇ ਡਿੱਗ ਪਿਆ ਤੇ ਹੀਰੇ ਨੂੰ ਉਸਦੇ ਮਜ਼ਾਕ ਦਾ ਪਾਤਰ ਬਣਨਾਂ ਪਿਆ । ਅੱਜ ਹੀਰਾ ਸ਼ੁਕਰਗੁਜ਼ਾਰ ਹੈ ੳਸ ਆਦਮੀ ਦਾ ਜਿਸਨੇ ਉਸਦੀ ਅਣਖ ਨੂੰ ਵੰਗਾਰਿਆ ਤੇ ਉਹ ਬਾਡੀ ਬਿਲਡਰ ਬਣ ਸਕਿਆ । ਹੀਰੇ ਦਾ ਚੰਗਾ ਸਰੀਰ ਨਿੱਕਲਦਾ ਵੇਖਕੇ ਯਾਰਾਂ ਦੋਸਤਾਂ ਨੇ ਉਸਨੂੰ ਹੈਲਥ ਕਲੱਬ ਜਾਣ ਦੀ ਸਲਾਹ ਦਿੱਤੀ ਤੇ ਉਸਨੇ ਮਾਝਾ ਹੈਲਥ ਕਲੱਬ, ਜ਼ੀਰਾ ਵਿੱਚ ਵੇਟ ਟ੍ਰੇਨਿੰਗ ਸ਼ੁਰੂ ਕੀਤੀ । ਹੀਰੇ ਦੀ ਲਗਨ ਨੂੰ ਦੇਖਦਿਆਂ ਹੋਰ ਲੜਕਿਆਂ ਨੇ ਵੀ ਵੇਟ ਟ੍ਰੇਨਿੰਗ ਕਰਨ ਵਿੱਚ ਉਸਦੀ ਖੂਬ ਮੱਦਦ ਕੀਤੀ । ਸਭ ਤੋਂ ਵੱਧ ਮੱਦਦ ਕੀਤੀ ਜਿਗਰੀ ਯਾਰ ਬਿਕਰਮਜੀਤ ਸਿੰਘ ਨੇ ਜੋ ਖ਼ੁਦ ਵੀ ਰਾਜ ਪੱਧਰ ਦਾ ਕੁਸ਼ਤੀ ਦਾ ਖਿਡਾਰੀ ਹੈ । ਵੇਟ ਟ੍ਰੁੇਨਿੰਗ ਦੇ ਚੰਗੇ ਨਤੀਜੇ ਸਾਹਮਣੇ ਆਏ ਤੇ ਉਹ ਮਿਸਟਰ ਜ਼ੀਰਾ ਬਾਡੀ ਬਿਲਡਿੰਗ ਪ੍ਰਤੀਯੋਗਿਤਾ ਵਿੱਚ ਜੇਤੂ ਰਿਹਾ । ਉਸਤੋਂ ਬਾਦ ਫਰੀਦਕੋਟ ਤੇ ਫਿਰੋਜ਼ਪੁਰ ਵਿਖੇ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਵੀ ਉਹ ਜੇਤੂ ਰਿਹਾ ।

ਮੈਂ ਹੀਰੇ ਨੂੰ ਪਹਿਲੀ ਵਾਰੀ ਮਾਰਚ 2002 ਵਿੱਚ ਮੋਗਾ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਦੇਖਿਆ ਸੀ । ਪੋਲੀਓ ਗ੍ਰਸਤ ਲੱਤਾਂ ਵਿੱਚ ਏਨੀ ਜਾਨ ਨਹੀਂ ਸੀ ਕਿ ਉਹ ਖੜ ਕੇ ਸਰੀਰ ਦਾ ਪ੍ਰਦਰਸ਼ਨ ਕਰ ਸਕਦਾ । ਇੱਕ ਲੜਕੇ ਨੇ ਉਸਨੂੰ ਲੱਕ ਤੋਂ ਫੜ ਕੇ ਰੱਖਿਆ ਤਾਂ ਉਸਨੇ ਪੋਜ਼ ਦਿੱਤੇ ਤੇ ਕੁਝ ਪੋਜ਼ ਕੁਰਸੀ ਤੇ ਬੈਠ ਕੇ ਦਿੱਤੇ । ਅੱਜ ਇੰਟਰਵਿਊ ਦੇ ਸਿਲਸਲੇ ਵਿੱਚ ਜਦ ਉਸਦੀ ਫੋਟੋ ਕਰਨੀ ਚਾਹੀ ਤਾਂ ਉਸ ਬਿਨਾਂ ਕਿਸੇ ਸਹਾਰੇ ਤੋਂ ਖੜ ਕੇ ਫੋਟੋ ਖਿਚਵਾਈ । ਬਿਨਾਂ ਸਹਾਰੇ ਤੋਂ ਖੜਾ ਹੋਣ ਦਾ ਸਿਹਰਾ ਉਹ ਕਸਰਤ ਨੂੰ ਦਿੰਦਾ ਹੈ । ਫਿਰ ਜੂਨ 2002 ਵਿੱਚ ਜਲੰਧਰ ਵਿਖੇ ਹੋਏ ਹਾਟ ਵੈਦਰ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਹੀਰਾ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਪਰ ਹੈਡੀਕੈਪ ਕੈਟਾਗਰੀ ਨਹੀਂ ਸੀ । ਇਸ ਬਾਰੇ ਮੈਂ ਪੰਜਾਬ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ੀ ਵਿਜੇ ਕੁਮਾਰ ਸ਼ਰਮਾਂ ਨੂੰ ਬੇਨਤੀ ਕੀਤੀ । ਇਸ ਸਟੇਜ ਤੇ ਪ੍ਰਦਰਸ਼ਨ ਦੌਰਾਨ ਉਹ ਬਾਡੀ ਬਿਲਡਿੰਗ ਦੇ ਜੌਹਰੀ, ਅੰਤਰ-ਰਾਸ਼ਟਰੀ ਬਾਡੀ ਬਿਲਡਿੰਗ ਜੱਜ ਤੇ ਕੋਚ ਡਾਕਟਰ ਰਣਧੀਰ ਹਸਤੀਰ ਦੀ ਨਿਗ੍ਹਾ ਚੜ੍ਹ ਗਿਆ । ਡਾਕਟਰ ਸਾਹਿਬ ਨੇ ਹੀਰਾ ਤਰਾਸ਼ਣਾਂ ਸ਼ੁਰੂ ਕੀਤਾ ਤੇ ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਹੀਰਾ ਕੋਟਾ (ਰਾਜਸਥਾਨ) ਵਿਖੇ ਹੋਈ ਨਾਰਥ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸਿ਼ਪ ਵਿਚੋਂ ਪੰਜਾਬ ਲਈ ਸੁਨਹਿਰੀ ਤਮਗਾ ਲੈ ਕੇ ਆਇਆ । ਦਸੰਬਰ 2003 ਵਿੱਚ ਹੋਈ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸਿ਼ਪ ਵਿੱਚ ਚਿੜੀ ਦੀ ਅੱਖ ਫੁੰਡ ਸੁੱਟੀ ਭਾਵ ਨੈਸ਼ਨਲ ਚੈਂਪੀਅਨ ਬਣ ਗਿਆ । ਪਿਛਲੇ ਸਾਲ ਆਪਣੇ ਆਦਰਸ਼, ਚਾਚਾ ਸ੍ਰ. ਕੁਲਬੀਰ ਸਿੰਘ ਦੀ ਅਤਨਚੇਤ ਮੌਤ ਹੋ ਜਾਣ ਕਰਕੇ ਮੈਂਗਲੌਰ (ਕਰਨਾਟਕ) ਵਿਖੇ ਹੋਈ ਨੈਸ਼ਨਲ ਪ੍ਰਤੀਯੋਗਿਤਾ ਦੀ ਤਿਆਰੀ ਨਾਂ ਕਰ ਸਕਿਆ ਪਰ ਬਿਨਾਂ ਤਿਆਰੀ ਸਿਲਵਰ ਮੈਡਲ ਜਿੱਤ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਹ ਹੀਰੇ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਉਸਨੇ ਪੰਜਾਬ ਨੂੰ ਉੱਚ ਪ੍ਰਤੀਯੋਗਿਤਾਵਾਂ ਵਿੱਚ ਮਾਣ ਦਿਵਾਇਆ । ਉਸਦੀ ਫਾਈਲ ਵਿੱਚ ਸਟੇਟ ਲੈਵਲ ਦੇ ਤਾਂ ਅਣਗਿਣਤ ਸਰਟੀਫਿਕੇਟ ਪਏ ਹਨ, ਜਿਨਾਂ ਤੇ ਫਸਟ ਹੀ ਫਸਟ ਲਿਖਿਆ ਹੋਇਆ ਹੈ ।

ਸਾਦਾ ਜੀਵਨ ਪਸੰਦ ਹੀਰਾ ਏਸ਼ੀਆ ਲੈਵਲ ਤੇ ਪਹੁੰਚ ਕੇ, ਖੇਡ ਕੇ, ਜਿੱਤ ਕੇ ਪਿੰਡ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ । ਇਕੱਲੇ ਤੌਰ ਤੇ ਲੜੀ ਜਾਣ ਵਾਲੀ ਜੰਗ ਬਾਡੀ ਬਿਲਡਿੰਗ ਵਿੱਚ ਹੀਰਾ ਆਪਣੇ ਦਮ ਤੇ ਲੜਿਆ ਤੇ ਨੈਸਂ਼ਨਲ ਚੈਂਪੀਅਨ ਬਣ ਗਿਆ । ਬਾਡੀ ਬਿਲਡਿੰਗ ਅਜਿਹੇ ਆਦਮੀ ਦੀ ਕਹਾਣੀ ਹੈ, ਜੋ ਸਾਲਾਂ ਬੱਧੀ ਸਖ਼ਤ ਮਿਹਨਤ, ਜੀਭ ਦੇ ਸਵਾਦ ਤੇ ਕਾਬੂ ਅਤੇ ਆਰਾਮ ਤੇ ਖੁਰਾਕ ਦੇ ਸੰਤੁਲਨ ਨੂੰ ਕਾਇਮ ਰੱਖਦਿਆਂ ਵੇਟ ਟ੍ਰੇਨਿੰਗ ਦੇ ਔਖੇ ਰਸਤੇ ਤੇ ਚਲਦਾ ਹੈ । ਸਰਦੀਆਂ ਦੀਆਂ ਠੰਢੀਆਂ ਰਾਤਾਂ ਨੂੰ ਜਦ ਹਰ ਕੋਈ ਅੱਗ ਜਾਂ ਹੀਟਰ ਦੇ ਦੁਆਲੇ ਗਰਮ ਕੱਪੜਿਆਂ ਵਿੱਚ ਲਿਪਟਿਆ ਬੈਠਾ ਠੰਡ ਨਾਲ ਕੰਬ ਰਿਹਾ ਹੁੰਦਾ ਹੈ ਤਾਂ ਇੱਕ ਬਾਡੀ ਬਿਲਡਰ ਹੈਲਥ ਕਲੱਬ ਵਿੱਚ ਲੋਹੇ ਨਾਲ ਮੱਥਾ ਮਾਰਦਿਆਂ, ਨੰਗੇ ਪਿੰਡੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਪੋਜਿ਼ੰਗ ਕਰਨ ਦਾ ਅਭਿਆਸ ਕਰਦਾ ਹੈ । ਅਜਿਹੇ ਹਾਲਾਤਾਂ ਨਾਲ ਜੂਝਦਿਆਂ ਹੀਰੇ ਨੇ ਸਾਬਿਤ ਕਰ ਦਿੱਤਾ ਕਿ ਅਪਾਹਿਜਤਾ ਦ੍ਰਿੜ ਤੇ ਮਜ਼ਬੂਤ ਇਰਾਦਿਆਂ ਦੇ ਸਾਹਮਣੇ ਰੁਕਾਵਟ ਨਹੀਂ ਬਣ ਸਕਦੀ । ਉਸਨੇ ਆਪਣੀ ਚਿੰਤਾ ਕਰਨ ਵਾਲੇ ਘਰਦਿਆਂ ਦਾ ਹੀ ਨਹੀਂ ਸਗੋਂ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ।

ਅੱਜ ਜਦ ਹੀਰੇ ਨੂੰ ਰੋਜ਼ੀ ਰੋਟੀ ਦੇ ਮਸਲੇ ਦੀ ਗੱਲ ਛੇੜੀ ਤਾਂ ਚਿਰਾਂ ਮਗਰੋਂ ਮਿਲੇ ਹੀਰੇ ਨੇ, ਜੋ ਹੱਸ-ਹੱਸ ਦੱਸੀ ਜਾ ਰਿਹਾ ਸੀ “ਭਾ ਜੀ, ਆਹ ਸਰਟੀਫਿਕੇਟ ਫਲਾਣੀ ਥਾਂ ਤੋਂ ਮਿਲਿਆ, ਆਹ ਟਰਾਫੀ ਫਲਾਣੀ ਥਾਂ ਤੋਂ ਮਿਲੀ, ਆਹ ਕਰਨਾਟਕ ਦੇ ਅਖਬਾਰ ਵਿੱਚ ਫੋਟੋ ਲੱਗੀ, ਆਹ ਫੋਟੋ.... ਆਹ ਸਰਟੀਫਿਕੇਟ....“ ਇੱਕ ਦਮ ਖਾਮੋਸ਼ ਹੋ ਗਿਆ । ਨੀਵੀਂ ਪਾ ਕੇ ਬੋਲਿਆ “ਲਾਰਿਆਂ ਨੇ ਹੀ ਮਾਰ ਸੁੱਟਿਆ ਭਾ ਜੀ, ਜਿਸਨੂੰ ਬੀ ਮਿਲਿਆ, ਨਿਰਾਸ਼ਾ ਹੀ ਪੱਲੇ ਪਈ । ਕਹਿੰਦੇ ਨੇ ਜਦੋਂ ਹੈਡੀਕੈਪ ਕੈਟਾਗਰੀ ਦੀਆਂ ਪੋਸਟਾਂ ਨਿੱਕਲੀਆਂ, ਉਦੋਂ ਸੋਚਾਂਗੇ ।” ਤੇ ਉਸਦੀ ਨੀਵੀਂ ਪਾਈ ਦੇ ਬਾਵਜੂਦ ਉਸਦੇ ਦਿਲ ਦਾ ਦਰਦ ਮੈਂ ਉਸਦੀਆਂ ਅੱਖਾਂ ਵਿੱਚੋਂ ਕਿਰਦਾ ਦੇਖਿਆ । ਮੈਨੂੰ ਇੰਝ ਲੱਗਾ ਕਿ ਉਸਨੂੰ ਮਿਲੇ ਗੋਲਡ ਮੈਡਲਾਂ ਦੀ ਪਾਲਿਸ਼ ਉਤਰ ਕੇ ਉਸਦੀਆਂ ਅੱਖਾਂ ਵਿੱਚੋਂ ਟਪਕ ਗਈ ਹੋਵੇ ਤੇ ਉਸਦੇ ਪੱਲੇ ਕੇਵਲ ਗਿਲਟ ਹੀ ਰਹਿ ਗਈ ਹੋਵੇ । ਅੱਖਾਂ ਤਾਂ ਸੰਗੀਤ ਦੀ ਦੁਨੀਆਂ ਦੇ ਹੀਰੇ ਗੁਰਦਾਸ ਮਾਨ ਦੀਆਂ ਵੀ ਗਿੱਲੀਆਂ ਹੋ ਗਈਆਂ ਸਨ, ਜਦ ਕਪੂਰਥਲੇ ਕਬੱਡੀ ਕੱਪ ਵਿੱਚ ਉਨਾਂ ਨੇ ਹੀਰੇ ਨੂੰ ਸਟੇਜ ਤੇ ਸਪੈਸ਼ਲ ਬੁਲਾ ਕੇ ਪੋਜਿਂੰਗ ਕਰਵਾਈ ਸੀ । ਉਸ ਸਮੇਂ ਮਾਨ ਨੇ ਗਾਇਆ ਸੀ “ਘਰ ਘਰ ਪੁੱਤ ਜੰਮਦੇ, ਹੀਰਾ ਸੰਧੂ ਨਹੀਂ ਕਿਸੇ ਨੇ ਬਣ ਜਾਣਾ” ।

ਇੰਟਰਵਿਊ ਬੰਦ ਕਰਕੇ ਕਿੰਨਾਂ ਹੀ ਸਮਾਂ ਉਸਦੇ ਉਸ ਭਵਿੱਖ ਦੀ ਉੱਜਲ ਤਸਵੀਰ ਦਿਖਾ ਕੇ ਹੌਸਲਾ ਦੇਣ ਵਿੱਚ ਬੀਤ ਗਿਆ, ਜਿਸ ਬਾਰੇ ਉਸਨੂੰ ਵੀ ਪਤਾ ਹੈ ਕਿ ਧੁੰਦਲਾ ਹੈ । ਉਹ ਕਹਿੰਦਾ ਹੈ “ਕਾਸ਼ ਮੈਂ ਅਪਾਹਿਜ ਨਾਂ ਹੁੰਦਾ ਤਾਂ ਘੱਟੋ-ਘੱਟ ਕਿਰਸਾਨੀ ਤਾਂ ਕਰ ਹੀ ਲੈਂਦਾ । ਜੇਕਰ ਕ੍ਰਿਕਟ ਦਾ ਕੋਈ ਖਿਡਾਰੀ ਮੈਚ ਹਾਰ ਕੇ ਵੀ ਆ ਜਾਵੇ ਤਾਂ ਵੀ ਮੀਡੀਆ ਤੇ ਸਰਕਾਰ ਉਸਨੂੰ ਆਸਮਾਨ ਤੇ ਬਿਠਾਈ ਰੱਖਦੇ ਹਨ ਤੇ ਇੱਕ ਨੈਸ਼ਨਲ ਚੈਂਪੀਅਨ ਹੋਣ ਦੇ ਬਾਵਜੂਦ ਮੇਰੀ ਬੱਸ ਦੀ ਟਿਕਟ ਤੱਕ ਮਾਫ਼ ਨਹੀਂ ਹੋਈ ।”

ਅੱਜ ਹੀਰੇ ਕੋਲ ਖੂਬ ਮੈਡਲ ਹਨ, ਖੂਬ ਟ੍ਰਾਫ਼ੀਆਂ ਹਨ, ਖੂਬ ਪ੍ਰਸ਼ੰਸ਼ਾ ਪੱਤਰ ਹਨ ਪਰ ਮੈਡਲ, ਟ੍ਰਾਫੀਆਂ, ਪ੍ਰਸ਼ੰਸ਼ਾ ਪੱਤਰ ਕਿਸੇ ਦਾ ਪੇਟ ਨਹੀਂ ਭਰਦੇ । ਹਾਂ !!! ਨੈਸ਼ਨਲ ਚੈਂਪੀਅਨ ਹੀਰਾ ਬੇਰੋਜ਼ਗਾਰ ਹੈ । ਅੱਗੇ ਏਸ਼ੀਆ ਤੇ ਵਿਸ਼ਵ ਪੱਧਰ ਦੀ ਗੇਮ ਕਰਨ ਲਈ ਉਸਨੂੰ ਖੂਬ ਡਾਈਟ ਤੇ ਸਪਲੀਮੈਂਟ ਦੀ ਲੋੜ ਹੈ । ਕੀ ਇਹਨਾਂ ਚੀਜ਼ਾਂ ਦੀ ਘਾਟ ਵਿੱਚ ਹੀਰੇ ਦੀ ਗੇਮ ਦਮ ਤੋੜ ਦੇਵੇਗੀ । ਕੀ ਹੈ ਕੋਈ ਜੌਹਰੀ ਜੋ ਹੀਰੇ ਦਾ ਮੁੱਲ ਪਾ ਸਕੇ ???


Print this post

No comments: