ਤੜਪ

ਤੜਪ ਮੇਰੇ ਦਿਲ ਦੀ
ਬਿਆਨ ਕਰ ਨਹੀਂ ਸਕਦਾ
ਲਿਖਣ ਨੂੰ ਤਾਂ ਹਨ
ਅਨੇਕਾਂ ਅਰਮਾਨ ਦਿਲ ਦੇ
ਪਰ
ਲਿਖਦੇ ਸਮੇਂ
ਮੇਰੀ ਕਲਮ ਹੀ ਸੰਕੁਚਿਤ ਹੋ ਜਾਂਦੀ ਹੈ
ਤੁਸੀਂ ਨਾ ਸਮਝੇ ਹੋ
ਨਾ ਸਮਝੋਗੇ
ਮੇਰੇ ਜਜ਼ਬਾਤ
ਕਿੰਨੀ ਚਾਹਤ ਹੈ ਮਨ ਵਿੱਚ
ਕਦ ਹੋਏਗੀ ਮੁਲਾਕਾਤ
ਤੁਸੀਂ ਤਾਂ ਮੇਰੀਆਂ ਗੱਲਾਂ ਨੂੰ
ਹਾਸੇ ਵਿੱਚ ਉਡਾ ਦਿੰਦੇ ਹੋਵੋਗੇ
ਸ਼ਾਇਦ ਇਹ ਸੋਚਕੇ
ਕਿ
ਇਹ ਤਾਂ ਅਕਸਰ ਹੁੰਦਾ ਹੈ
ਹਰ ਕੋਈ
ਆਪਣੇ ਪਿਆਰੇ ਨੂੰ
ਪਿਆਰ ਭਰੇ ਖ਼ਤ ਲਿਖਦਾ ਹੈ
ਪਰ ਮੈਂ
ਉਹਨਾਂ ਵਿੱਚੋ ਨਹੀਂ
ਜੋ ਦੂਜਿਆਂ ਨੂੰ
ਝੂਠੇ ਅਲੰਕਾਰਾਂ ਨਾਲ਼ ਸਜਾ ਦਿੰਦੇ ਹਨ
ਇਹ ਪੱਤਰ ਲਿਖਣਾ
ਮੇਰੀ ਮਜ਼ਬੂਰੀ ਬਣ ਗਿਆ
ਕਿਉਂਕਿ ਤੁਹਾਡਾ ਖ਼ਤ ਨਹੀਂ ਮਿਲਿਆ
ਮਿਲਿਆ ਨਹੀਂ
ਜਾਂ
ਸ਼ਾਇਦ ਲਿਖਿਆ ਹੀ ਨਹੀਂ
ਹੁਣ ਤੁਸੀਂ ਹੀ ਮੇਰੀ ਜਿੰਦਗੀ ਦੀਆਂ
ਖੁਸ਼ੀਆਂ ਹੋਂ
ਮੇਰੀ ਮੰਜਿ਼ਲ ਹੋਂ
ਜਿੰਦਗੀ ਦੀ ਤੇਜ਼ ਧੁੱਪ ਵਿੱਚ
ਤੁਹਾਡੀਆਂ ਸੰਘਣੀਆਂ ਜੁਲਫਾਂ ਦੇ ਇਲਾਵਾ
ਕਿਤੇ ਛਾਂ ਨਾ ਮਿਲੇਗੀ
ਇਕਰਾਰ ਕਰਦਾ ਹਾਂ ਪਿਆਰੀ
ਹੁਣ ਨਾਂ ਲੁਕਾ ਸਕਾਂਗਾ
ਮੈਨੂੰ ਤੁਹਾਡੇ ਨਾਲ ਇਸ਼ਕ ਹੋ ਗਿਆ ਹੈ
ਮੈਂ ਅਧੂਰਾ ਹਾਂ
ਮੇਰਾ ਹਰ ਸੁਪਨਾ ਅਧੂਰਾ ਹੈ
ਮੇਰੀ ਹਰ ਖੁਸ਼ੀ ਅਧੂਰੀ ਹੈ
ਤੁਹਾਡੇ ਬਿਨਾਂ
ਕੋਈ ਹੋਰ ਪੜ੍ਹੇਗਾ ਤਾਂ ਹੱਸੇਗਾ
ਨਵੀਂ ਪਹਿਚਾਣ
ਤੇ ਮਨ ਏਨਾ ਅਧੀਰ
ਏਨਾ ਬੇਚੈਨ
ਮੁਹੱਬਤ ਦੇ ਦਾਅਵੇ
ਪਰ
ਮੈਨੂੰ ਖ਼ੁਦ ਤੋਂ ਜਿ਼ਆਦਾ ਕੋਈ ਨਹੀਂ ਜਾਣਦਾ
ਜਦੋਂ ਮਿਲਾਂਗਾ
ਸ਼ਾਇਦ ਏਨਾ ਵੀ ਨਾ ਕਹਿ ਪਾਵਾਂਗਾ
ਕੀ ਤੁਸੀਂ ਵੀ ਏਨਾ ਹੀ ਪਿਆਰ ਕਰਦੇ ਹੋ
ਸ਼ਾਇਦ ਹਾਂ
ਪਰ ਕਹਿਣ ਤੋਂ ਡਰਦੇ ਹੋ
ਇਕਰਾਰ ਕਰਨ ਤੋਂ ਡਰਦੇ ਹੋ
ਤੁਹਾਡੇ ਬਿਨਾਂ ਮੈਂ ਰਹਿ ਨਹੀਂ ਸਕਦਾ
ਤੇ ਮਿਲ ਵੀ ਨਹੀਂ ਸਕਦਾ
ਸਾਡੇ ਵੱਡਿਆਂ ਦੀ ਇੱਜ਼ਤ
ਅੱਖੋਂ ਪਰੋਖੇ ਕਰ ਨਹੀਂ ਸਕਦਾ
ਆਪਾਂ ਨੂੰ
ਸਮਾਜ ਦੀਆਂ ਮਾਨਤਾਵਾਂ ਅੱਗੇ
ਸਿਰ ਝੁਕਾਉਣਾ ਹੋਵੇਗਾ
ਅਤੇ
ਇੰਤਜ਼ਾਰ ਕਰਨਾ ਹੋਵੇਗਾ
ਉਸ ਹਸੀਨ ਪਲ ਦਾ
ਜਦ ਮੇਰੀ ਪ੍ਰੇਮਿਕਾ
ਮੇਰੀ ਦੁਲਹਨ ਬਣ
ਮੇਰੀਆਂ ਬਾਹਾਂ ਵਿੱਚ ਹੋਵੇਗੀ

Print this post

No comments: