ਪਿੰਡ ਦੀਆਂ ਗਲ਼ੀਆਂ

ਮੇਰੇ ਪਿੰਡ ਕਾਸਮਭੱਟੀ
ਜਿਲ੍ਹਾ ਫਰੀਦਕੋਟ ਦਾ
ਸੂਰਘੁਰੀ ਦੇ ਰਾਹ ਤੇ ਪੈਂਦਾ ਛੱਪੜ
ਛੋਟਾ ਜਿਹਾ

ਵਿੱਚ ਤੈਰਦੀਆਂ ਮੱਝਾਂ, ਗਾਵਾਂ
ਨਾਲ਼ ਉਹਨਾਂ ਦੇ ਕਟਰੂ
ਕੁਝ ਛੋਟੇ
ਕੁਝ ਵੱਡੇ
ਉਹਨਾਂ ਦੀਆਂ ਪਿੱਠਾਂ ਤੇ ਬੈਠੇ ਨਿਆਣੇ
ਮਲ਼-ਮਲ਼ ਨੁਹਾਉਂਦੇ
ਝੂਟੇ ਲੈਂਦੇ
ਕੈਨੇਡਾ ਦੀ “ਮਰਸਰੀ” ਸਮਝਦੇ
ਮੱਝਾਂ ਨੂੰ, ਗਾਵਾਂ ਨੂੰ
ਮੁਸ਼ਕ ਪਿਆ ਪੈਂਦਾ ਗੋਬਰ ਦਾ
ਸੜਕ ਤੱਕ ਚਿੱਕੜ ਛੱਪੜ ਦਾ
ਜਦ ਉਹ ਛੱਪੜ ਵਿੱਚੋਂ ਨਿਕਲਦੀਆਂ
ਕਾਲੀਆਂ ਸ਼ਾਹ
ਕੁੰਢੇ ਸਿੰਗ
ਦਗ਼-ਦਗ਼ ਕਰਦੇ ਪਿੰਡੇ
ਘਰ ਵੱਲ ਚਲਦੀਆਂ
ਤਾਜ਼ਾ ਦੁੱਧ, ਖੂਬ ਮੱਖਣ ਤੇ ਘਿਓ
ਪਿੰਡ ਦੇ ਸੂਏ ਤੱਕ ਲੰਬੀ ਰੇਸ
ਕੱਲਿਆਂ ਹੀ
ਉਤਸ਼ਾਹ ਜਿੰਦਗੀ ਦਾ
ਕੱਚੇ ਕੋਠਿਆਂ ਵਿੱਚ ਵੀ ਬਰਕਰਾਰ
***
ਫਰੀਦਕੋਟ ‘ਚ
ਏਅਰ ਕੰਡੀਸ਼ਨਰ ਦਫ਼ਤਰ ‘ਚ
ਆਪਣੀ ਗੋਗੜ ਤੇ ਹੱਥ ਫਿਰਾ ਰਿਹਾ
ਰਾਤ ਦੀ ਬਦਹਜ਼ਮੀ
ਸਵੇਰੇ ਦਫ਼ਤਰ ਤੋਂ ਲੇਟ
ਮੇਜ਼ ਤੇ ਪਈਆਂ ਦਵਾਈਆਂ
ਨਿਰੀ ਮਿੱਟੀ
ਨਿਰੀ ਧੂੜ
ਧੂੜ ਸਾਫ਼ ਹੋਣ ਦੀ ਉਡੀਕ ‘ਚ
ਬਾਹਰ ਖੜ੍ਹਾ ਨੀਲਾ ਮੋਟਰਸਾਈਕਲ
ਟੈਂਸ਼ਨ
ਕੰਮ-ਕਾਜ ਦੀ
ਬੱਚਿਆਂ ਦੀ ਪੜ੍ਹਾਈ ਦੀ
ਦੁਪਹਿਰੇ, ਰਾਤੀਂ ਖੁਸ਼ਕ ਰੋਟੀ
ਤੇ ਮੁੜਕੇ
ਨੀਂਦ ਦੀਆਂ ਗੋਲੀਆਂ
ਮਨ ਕਿਉਂ ਨਾ ਲੋਚੇ
“ਕਾਸਮਭੱਟੀ” ਦੀਆਂ ਗਲੀਆਂ ?
***
ਬਾਰੀ ‘ਚੋਂ ਬਾਹਰ ਦੇਖ ਰਿਹਾ
ਲਾਲ ਰੰਗ ਦੀ ‘ਫੋਰਡ’ ਕਾਰ
ਬਾਰੀ ਇੱਕ ਕਮਰੇ ਦੀ
ਹੈ ਆਸਟ੍ਰੇਲੀਆ ਦੇ ਸ਼ਹਿਰ ਦੀ
ਪਰ ਜਾਪੇ ਪੰਜਾਬ ‘ਚ
ਕਿਸੇ ਖੇਤ ‘ਚ ਮੋਟਰ ਕਮਰੇ ਦੀ
ਸੱਤ ਜਣੇ ਫਸੇ ਪਏ ਇੱਕ ਦੂਜੇ ‘ਚ
ਕੀ ਇਹ ਨੇ ਵਿਦੇਸ਼ੀ ਭਈਏ ?
ਕਿੰਨੇ ਕੁ ਦੁੱਖ ਹੋਰ ਸਹੀਏ ?
ਹੁਣ ਨਾ ਪੇਟ ਗੈਸ
ਤੇ ਨਾ ਬਦਹਜ਼ਮੀ
ਸਭ ਚੁੱਕ ਦਿੱਤੀ ਮਜ਼ਦੂਰੀ ਨੇ
ਬੇਬਸੀ ਤੇ ਮਜ਼ਬੂਰੀ ਨੇ
ਭੁੱਲ ਗਏ ਕੰਪਿਊਟਰ
ਤੇ ਭੁੱਲੇ ਖਾਤੇ-ਵਹੀਆਂ
ਹੱਥ ‘ਚ ਆ ਗਈਆਂ ਰੰਬੇ-ਕਹੀਆਂ
ਕਦੇ ਰੋਟੀਆਂ ਕੱਚੀਆਂ
ਤੇ ਕਦੇ ਜਲੀਆਂ
ਮਨ ਕਿਉਂ ਨਾ ਲੋਚੇ
“ਫਰੀਦਕੋਟ” ਦੀਆਂ ਗਲੀਆਂ ?

Print this post

No comments: