ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ ।

ਆਸਟ੍ਰੇਲੀਆ ‘ਚ ਵਿਦਿਆਰਥੀਆਂ ਦੇ ਹਾਲਤਾਂ ਤੋਂ ਕੋਈ ਵੀ ਅਣਜਾਣ ਨਹੀਂ ਹੈ । ਫਿਰ ਵੀ ਕਈ ਲੋਕਾਂ, ਖ਼ਾਸ ਤੌਰ ਤੇ ਵਿਦਿਆਰਥੀਆਂ ਨੇ ਕਿਹਾ ਕਿ ਇੱਥੋਂ ਦੀ ਜਿੰਦਗੀ ਬਾਰੇ ਖੁੱਲ ਕੇ ਲਿਖਾਂ ਤਾਂ ਜੋ ਆਉਣ ਵਾਲਿਆਂ ਨੂੰ ਪਤਾ ਹੋਵੇ ਕਿ ਉਹਨਾਂ ਨਾਲ਼ ਅੱਗੇ ਕੀ ਵਾਪਰਨ ਵਾਲਾ ਹੈ, ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ । ਕਿਸੇ ਦੇ ਰੋਕਿਆਂ ਕੋਈ ਨਹੀਂ ਰੁਕਦਾ । “ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ” ਦੇ ਕਹਿਣ ਵਾਂਗੂੰ ਸਭ ਨਜ਼ਾਰਾ ਤੱਕ ਕੇ ਹੀ ਸਮਝਦੇ ਨੇ । ਪਰ ਇੱਕ ਵਾਰ ਆ ਕੇ ਕੋਈ ਵਾਪਸ ਨਹੀਂ ਜਾ ਸਕਦਾ । ਜੋ ਖ਼ਰਚ ਏਥੇ ਆਉਣ ਤੇ ਕੀਤਾ ਹੁੰਦਾ ਹੈ, ਉਹ ਏਥੇ ਰਹਿ ਕੇ ਭਾਵੇਂ ਪੂਰਾ ਹੋ ਜਾਵੇ ਵਰਨਾ ਮੁਸ਼ਕਿਲ ਹੈ । ਜਦੋਂ ਤੱਕ ਖ਼ਰਚ ਪੂਰੇ ਹੁੰਦੇ ਨੇ, ਉਦੋਂ ਤੱਕ ਏਥੇ ਰਹਿਣ ਦਾ ਸੁਆਦ ਪੈ ਜਾਂਦਾ ਹੈ । ਬੱਸ, ਫਸ ਗਏ ਸਾਰੀ ਉਮਰ ਲਈ ਮਿੱਠੀ ਜੇਲ੍ਹ ‘ਚ । ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਓ ਪਰ ਇਹ ਕੌੜੀ ਸਚਾਈ ਹੈ ਕਿ ਇੱਥੇ ਖੁਸ਼ ਕੋਈ ਵੀ ਨਹੀਂ । ਕੁਰਸੀ ਕਿਸੇ ਕੋਲ ਵੀ ਨਹੀਂ, ਸਭ ਅਜਿਹੇ ਕੰਮ ਹੀ ਕਰਦੇ ਹਨ, ਜਿਨ੍ਹਾਂ ਲਈ ਅਸੀਂ ਪੰਜਾਬ ‘ਚ ਕੰਮ ਕਰਨ ਲਈ “ਹੈਲਪਿੰਗ ਹੈਂਡ” ਰੱਖੇ ਹੋਏ ਨੇ । ਇਥੋਂ ਦੀ ਜਿੰਦਗੀ ਬਹੁਤ ਔਖੀ ਹੈ ਤੇ ਹਰ ਕਿਸੇ ਨੂੰ ਬਹੁਤ ਜਿ਼ਆਦਾ ਮਿਹਨਤ ਕਰਨੀ ਪੈਂਦੀ ਹੈ । ਹਰ ਕੋਈ ਕੰਮ ਦੀ ਤਲਾਸ਼ ‘ਚ ਹੈ । ਕੰਮ ਕਿਹੜਾ ਹੈ ? ਕੀ ਕਰਨਾ ਪਵੇਗਾ ? ਕੋਈ ਨਹੀਂ ਪੁੱਛਦਾ, ਬੱਸ ਕੰਮ ਮਿਲਣਾ ਚਾਹੀਦਾ ਹੈ । ਜੇ ਕਿਸੇ ਤੋਂ ਸਲਾਹ ਲਵੋ ਤਾਂ ਅਗਲਾ ਦੋ ਹੀ ਰਸਤੇ ਦਿਖਾਉਂਦਾ ਹੈ । ਇੱਕ “ਕਲੀਨਿੰਗ” ਤੇ ਦੂਸਰਾ “ਕਿਚਨ ਹੈਂਡ ਜਾਂ ਡਿਸ਼ ਵਾਸਿ਼ੰਗ” । ਜੇਕਰ ਸਫ਼ਾਈ ਕਰਨ ਨੂੰ “ਕਲੀਨਿੰਗ” ਤੇ ਭਾਂਡੇ ਧੋਣ ਨੂੰ “ਡਿਸ਼ ਵਾਸਿ਼ੰਗ” ਕਹਿ ਵੀ ਲਵਾਂਗੇ ਤਾਂ ਕੀ ਕੀਤੇ ਜਾਣ ਵਾਲੇ ਕੰਮ ਦੀ ਕਿਸਮ ਬਦਲ ਜਾਏਗੀ ? “ਕਿੱਲਿਆਂ” ਦੇ ਵਾਰਿਸ ਨੌਜਵਾਨ ਜਦੋਂ ਅਜਿਹੇ ਕੰਮ ਕਰਨ ਲਈ ਤਰਸਦੇ ਨਜ਼ਰ ਆਉਂਦੇ ਹਨ ਤਾਂ ਮੇਰੇ ਸਾਹਮਣੇ ਪੰਜਾਬ ਦੇ ਪਿੰਡਾਂ ਦਾ ਉਹ ਦ੍ਰਿਸ਼ ਆ ਜਾਂਦਾ ਹੈ ਕਿ ਜੱਟ ਦਾ ਕਾਲਜੀਏਟ ਮੁੰਡਾ ਕੰਨਾਂ ‘ਚ ਮੁਰਕੀਆਂ ਤੇ ਖੜ-ਖੜ ਕਰਦਾ ਚਿੱਟਾ ਕੁੜਤਾ ਪਜਾਮਾ ਪਾਈ ਖੇਤ ਦੀ ਵੱਟ ਤੇ ਕਿੱਕਰ ਦੀ ਛਾਵੇਂ ਢਾਕਾਂ ਤੇ ਹੱਥ ਰੱਖੀ ਖੜਾ ਹੈ ਤੇ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਸੜਕ ਦੇ ਕਿਨਾਰੇ ਲੱਗਾ ਹੋਇਆ ਹੈ । ਜੇ ਕੰਮ ਜਿ਼ਆਦਾ ਹੋਵੇ ਤਾਂ ਦਿਹਾੜੀਏ ਨੂੰ ਇੱਕ ਹੋਰ ਦਿਹਾੜੀਆ ਲੈਣ ਲਈ ਝੱਟ ਆਰਡਰ ਮਾਰ ਦੇਵੇਗਾ ਪਰ ਖ਼ੁਦ ਕੰਮ ਨੂੰ ਹੱਥ ਨਹੀਂ ਲਗਾਏਗਾ । ਇੱਥੇ ਹਾਲਾਤ ਬਿੱਲਕੁਲ ਉਲਟ ਹਨ । ਹਰ ਕੋਈ ਕੰਮ ਕਰਨ ਨੂੰ ਤਿਆਰ ਹੈ, ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ । ਪਰ ਕੰਮ ਨਹੀਂ ਮਿਲਦਾ ਮੇਰੇ ਦੋਸਤ....................। ਇੱਕ ਗੱਲ ਹੋਰ ਹੈ ਕਿ ਜਿਸ ਕਿਸੇ ਨੂੰ ਕਲੀਨਿੰਗ ਦਾ ਕੰਮ ਮਿਲ ਜਾਂਦਾ ਹੈ, ਉਹ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹੈ, ਕਿਉਂ ਜੋ ਸਿਰਫ਼ ਇੱਕ ਇਹੀ ਕੰਮ ਹੈ, ਜਿਸ ਵਿੱਚ ਸਾਰਾ ਹਫ਼ਤਾ ਸਿ਼ਫ਼ਟ ਮਿਲ ਸਕਦੀ ਹੈ । ਬਾਕੀ ਤਾਂ ਸਭ ਕੰਮਾਂ ਵਿੱਚ ਕਦੇ ਕੰਮ ਮਿਲ ਗਿਆ, ਕਦੇ ਨਹੀਂ ।
ਕਈਆਂ ਨੂੰ ਇਹ ਗੱਲ ਬਹੁਤ ਭੈੜੀ ਲੱਗੇਗੀ ਪਰ ਹੈ ਹੱਡਬੀਤੀ, ਕੁਝ ਸ਼ੁਭਚਿੰਤਕਾਂ ਵੱਲੋਂ ਸਾਨੂੰ ਮੈਲਬੌਰਨ ਆਉਣ ਤੇ ਕੰਮ ਬਾਬਤ ਇੱਕ ਚੇਤਾਵਨੀ ਮਿਲੀ ਸੀ ਕਿ “ਜੋ ਮਰਜ਼ੀ ਕੰਮ ਕਰਨਾ ਪਰ ਕਿਸੇ “ਵੈੱਲ ਸੈਟਲਡ” ਪੰਜਾਬੀ ਤੇ ਵਿਸ਼ਵਾਸ ਨਹੀਂ ਕਰਨਾ । ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਇੱਕ ਨਹੀਂ, ਦੋ ਨਹੀਂ, ਕਈ ਚੇਤਾਵਨੀਆਂ ਮਿਲਣ ਦੇ ਬਾਵਜੂਦ ਇਸ ਦਾ ਕੌੜਾ ਤਜ਼ਰਬਾ ਸਾਨੂੰ ਹੋ ਹੀ ਗਿਆ । ਕਿਸੇ “ਦੇਸੀ” ਨਾਲ਼ ਥੋੜੀ ਜਿਹੀ ਜਾਣ-ਪਹਿਚਾਣ ਹੋਈ ਤੇ ਉਸਨੇ ਆਪਣੇ ਕਿਸੇ “ਦੇਸੀ” ਦੋਸਤ ਦੀ ਫੈਕਟਰੀ ਵਿੱਚ ਦੋ ਦਿਨ ਕੰਮ ਕਰਨ ਲਈ ਕਿਹਾ (ਇੱਥੇ ਭਾਰਤੀਆਂ ਨੂੰ ਦੇਸੀ ਕਿਹਾ ਜਾਂਦਾ ਹੈ, ਕੋਈ ਬੇਗਾਨਾ ਨਹੀਂ, ਭਾਰਤੀ ਹੀ ਭਾਰਤੀਆਂ ਨੂੰ ਦੇਸੀ ਕਹਿੰਦੇ ਹਨ) । “ਚਲੋ, ਦੋ ਦਿਨਾਂ ਵਿੱਚ ਕੰਮ ਬਾਰੇ ਜਾਣਕਾਰੀ ਹੀ ਮਿਲ ਜਾਊ” ਇਹ ਸੋਚ ਕੇ ਮੈਂ ਦੋ ਦਿਨ ਸਿਰਫ਼ 50 ਡਾਲਰ ਰੋਜ਼ਾਨਾਂ ਤੇ ਜਾਣਾ ਸਵੀਕਾਰ ਕਰ ਲਿਆ । ਪਹਿਲੇ ਦਿਨ ਸ਼ਾਮ ਨੂੰ ਜਦੋਂ 50 ਡਾਲਰ ਦਾ ਨੋਟ ਮਿਲਿਆ ਤਾਂ ਨਾਲ਼ ਦੀ ਨਾਲ਼ 35 ਨਾਲ਼ ਗੁਣਾ ਕਰਕੇ ਕਾਫ਼ੀ ਸੁਆਦ ਆਇਆ ਤੇ ਸਾਰੇ ਦਿਨ ਦੀ ਤਕਲੀਫ਼ ਭੁੱਲ ਗਈ । ਦੂਜੇ ਦਿਨ ਸ਼ਾਮ ਹੋਈ ।
“ਸਰ, ਕੰਮ ਹੋ ਗਿਆ ।” ਮੈਂ ਫੈਕਟਰੀ ਦੇ ਪੰਜਾਬੀ ਮਾਲਕ ਨੂੰ ਕਿਹਾ ।
“ਗੁੱਡ ! ਚੰਗਾ ਐਸ਼ ਕਰੋ ਫਿਰ” ਫੈਕਟਰੀ ਮਾਲਕ ਨੇ ਬਿਨਾਂ ਮੇਰੇ ਵੱਲ ਤੱਕਿਆਂ, ਬੀਅਰ ਦੀ ਚੁਸਕੀ ਭਰਦਿਆਂ ਜੁਆਬ ਦਿੱਤਾ । ਮਾਲਿਕ ਸਾਹਿਬ ਕੰਪਿਊਟਰ ਦੀ ਨੌਕਰੀ ਲਈ ਇੰਟਰਵਿਊ ਦੇਣ ਆਈ ਮੁਟਿਆਰ ਦਾ ਨਜ਼ਰਾਂ ਨਾਲ਼ ਰਸਪਾਨ ਕਰਨ ਵਿੱਚ ਮਗਨ ਸਨ । ਆਪਣੀ ਅੱਜ ਤੱਕ ਦੀ ਜਿੰਦਗੀ ਵਿੱਚ ਅਜਿਹਾ “ਪਿਆਰ ਭਰਿਆ” ਜੁਆਬ ਤਾਂ ਮੈਨੂੰ ਉਦੋਂ ਵੀ ਕਦੀ ਨਹੀਂ ਸੀ ਸੁਣਨਾ ਪਿਆ, ਜਦੋਂ ਕਿ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ।
“ਭਾ ਜੀ, ਅੱਜ ਦੇ ਪੈਸੇ......” ਜਿਸ ਨੇ ਕੰਮ ਦਿਵਾਇਆ ਸੀ, ਉਸ ਵੱਲ ਤਕਦਿਆਂ ਗੱਲ ਅਧੂਰੀ ਛੱਡ ਦਿੱਤੀ ।
“ਕੋਈ ਨਾਂ ਪੈਸੇ ਨਹੀਂ ਕਿਤੇ ਜਾਂਦੇ, ਲੈ ਲਵਾਂਗੇ” ਭਾ ਜੀ ਨੇ ਵੀ ਮਿੰਨੀ ਸਕਰਟ ਤੋਂ ਨਜ਼ਰਾਂ ਪਾਸੇ ਕੀਤਿਆਂ ਜੁਆਬ ਦਿੱਤਾ ।
“ਪਰ ਕੰਮ ਤਾਂ ਦੋ ਦਿਨ ਦਾ ਸੀ, ਤੇ ਉਹ ਹੋ ਗਿਆ । ਬਾਕੀ ਆਉਣ ਲਈ ਦੋ ਘੰਟੇ ਦਾ ਸਫ਼ਰ ਤੇ ਦਸ ਡਾਲਰ ਕਿਰਾਇਆ ਲੱਗਦਾ ਹੈ, ਇਸ ਕਰਕੇ ਦੋਬਾਰਾ ਸਿਰਫ਼ ਪੈਸੇ ਲੈਣ ਲਈ ਆਉਣਾ ਵੀ ਮੁਸ਼ਕਿਲ ਹੈ ।”
“ਕੋਈ ਨਾਂ ਲੈ ਲਵਾਂਗੇ” ਕਹਿ ਕੇ ਉਹ ਆਪਣੇ ਰਸਤੇ ਜਾਣ ਲਈ ਗੱਡੀ ਵੱਲ ਤੁਰ ਪਿਆ । ਹੁਣ ਕਰੀਬ 12 ਹਫ਼ਤੇ ਬੀਤ ਜਾਣ ਤੋਂ ਬਾਅਦ ਉਹ ਪੈਸੇ ਨਹੀਂ ਮਿਲੇ ਤੇ ਨਾ ਹੀ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ । ਇਸ ਦਿਨ ਦੁਪਿਹਰ ਤੋਂ ਲੈ ਕੇ ਹੁਣ ਤੱਕ ਫੈਕਟਰੀ ਵਿੱਚ ਹੀ ਮੁਰਗੇ, ਬੱਕਰੇ ਭੁੰਨੇ ਜਾ ਰਹੇ ਸਨ ਤੇ ਬੀਅਰ ਦੇ ਨਾਲ਼ ਵਿਸਕੀ ਦੇ ਦੌਰ ਵੀ ਚੱਲੇ ਸਨ । ਜਿੱਥੇ ਇਸ ਸ਼ਾਮ ਨੂੰ ਰੰਗੀਨ ਬਨਾਉਣ ਲਈ ਏਨਾਂ ਖ਼ਰਚ ਕੀਤਾ ਗਿਆ ਸੀ, ਉੱਥੇ ਮੇਰੇ 50 ਡਾਲਰ ਮੁੱਕਰ ਕੇ ਪਤਾ ਨਹੀਂ ਕਿਹੜੇ ਖ਼ਰਚੇ ਬਚਾ ਹੋ ਗਏ । ਮੈਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਮੇਰੇ ਦੋ ਦਿਨ ਲਾਉਣ ਤੋਂ ਪਹਿਲਾਂ ਵੀ ਕਈ ਜਣੇ ਚਾਰ-ਚਾਰ ਪੰਜ-ਪੰਜ ਦਿਨ ਲਗਾ ਕੇ ਗਏ ਸਨ ਤੇ ਮੈਂ ਤਾਂ “ਤਕੜਾ” ਵਗਿਆ ਸਾਂ ਜੋ ਘੱਟੋ-ਘੱਟ 50 ਡਾਲਰ ਤਾਂ ਲੈ ਗਿਆ ਸਾਂ । ਜੇਕਰ ਇਸ ਦੇ ਉਲਟ ਕਿਸੇ “ਗੋਰੇ” ਕੋਲ ਕੰਮ ਕੀਤਾ ਹੋਵੇ, ਜੇਕਰ ਉਸਨੂੰ ਕੰਮ ਪਸੰਦ ਨਹੀਂ ਵੀ ਆਵੇਗਾ ਤਾਂ ਵੀ ਕੀਤੇ ਗਏ ਕੰਮ ਦੀ ਉਜਰਤ ਜਰੂਰ ਮਿਲਦੀ ਹੈ ।
ਇੱਥੇ ਆ ਕੇ ਸਾਰੀ ਕਾਬਲੀਅਤ, ਸਾਰੀ ਪੜ੍ਹਾਈ, ਸਾਰਾ ਤਜਰਬਾ ਮਿੱਟੀ ਹੋ ਜਾਂਦਾ ਹੈ । ਮੈਲਬੌਰਨ ਦੇ ਇੱਕ ਇੰਸਟੀਚਿਊਟ ਵਿੱਚ ਇੱਕ ਅਜਿਹੀ ਰਿਸੈਪਸ਼ਨਿਸਟ ਨੂੰ ਮਿਲਿਆ ਜੋ ਕਿ ਕੇਰਲਾ ਵਿੱਚ ਗਾਈਨੀ ਦੀ ਡਾਕਟਰ ਸੀ ਤੇ ਉਸਦਾ ਪਤੀ ਚਾਰਟਰਡ ਅਕਾਊਂਟੈਂਟ ਸੀ ਤੇ ਇੱਥੇ ਸਟੋਰ ਵਿੱਚ ਸੇਲਜ਼ਮੈਨ ਲੱਗਾ ਹੋਇਆ ਹੈ । ਇਹ ਜੋੜਾ ਭਾਰਤ ਤੋਂ ਹੀ ਪੱਕਾ ਹੋ ਕੇ ਆਸਟ੍ਰੇਲੀਆ ਆਇਆ ਹੈ । ਬੇਸ਼ੱਕ ਭਵਿੱਖ ਵਿੱਚ ਕੁਝ ਸਾਲਾਂ ਬਾਦ ਉਨ੍ਹਾਂ ਨੂੰ ਆਪਣੀ ਲਾਈਨ ਵਿੱਚ ਜੌਬ ਮਿਲ ਜਾਵੇ ਪਰ ਅੱਜ ਤਾਂ ਇਹੀ ਕੁਝ ਕਰਨਾ ਪੈ ਰਿਹਾ ਹੈ । ਇੱਕ ਹੋਰ “ਫ਼ੈਸ਼ਨ ਡਿਜ਼ਾਇਨਰ” ਮਿਲੀ, ਪੰਜਾਬ ਵਿੱਚ ਫ਼ੈਸ਼ਨ ਡਿਜ਼ਾਈਨਿੰਗ ਦਾ ਕੰਮ ਕਰਦੀ ਸੀ, ਚੰਗੇ ਨੋਟ ਛਾਪਦੀ ਸੀ । ਵਿਦੇਸ਼ੀ ਚਮਕ-ਦਮਕ ਨੇ “ਕਮਰਸ਼ੀਅਲ ਕੁਕਰੀ” ਕੋਰਸ ਵਿੱਚ ਮੈਲਬੌਰਨ ਲੈ ਆਂਦਾ ਤੇ ਹੁਣ ਖ਼ਰਚ ਚਲਾਉਣ ਲਈ ਰੈਸਟੋਰੈਂਟ ਵਿੱਚ ਨੌਕਰੀ ਕਰਦੀ ਹੈ । ਪਹਿਲਾਂ ਬਾਹਵਾਂ ਤੇ ਵੈਕਸ ਕਰਵਾ ਕੇ ਰੱਖਦੀ ਸੀ ਤੇ ਹੁਣ ਤੰਦੂਰ ਤੇ ਰੋਟੀਆਂ ਲਾਹੁੰਦੀ ਹੈ ਤੇ ਵੈਕਸ ਕਰਵਾਉਣ ਦੀ ਲੋੜ ਹੀ ਨਹੀਂ ਪੈਂਦੀ ।
ਇਥੇ ਇੱਕ ਗੱਲ ਤਾਂ ਹੈ ਕਿ ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ, ਹਰ ਕੰਮ ਕਰ ਵਾਲਾ ਬਰਾਬਰ ਅਧਿਕਾਰ ਰੱਖਦਾ ਹੈ । ਕੰਮ ਕਰਦੇ ਕਰਮਚਾਰੀ ਕੋਲ ਜੇਕਰ ਅਫ਼ਸਰ ਜਾਂ ਮਾਲਕ ਆ ਕੇ ਖੜ੍ਹ ਜਾਵੇ ਤਾਂ ਵੀ ਉਹ ਆਪਣੇ ਕੰਮ ਵਿੱਚ ਮਗਨ ਰਹਿੰਦਾ ਹੈ । ਇੱਥੇ ਸਲੂਟ ਮਾਰਨ ਦੇ ਨਹੀਂ, ਕੰਮ ਕਰਨ ਦੇ ਪੈਸੇ ਮਿਲਦੇ ਹਨ । ਇੱਕ ਬੜੀ ਪੁਰਾਣੀ ਘਟਨਾ ਯਾਦ ਆ ਗਈ ਹੈ । ਕਰੀਬ ਵੀਹ ਕੁ ਸਾਲ ਪਹਿਲਾਂ ਜਦੋਂ ਮੈਂ ਕੋਟਕਪੂਰੇ, ਉਸ ਸਮੇਂ ਦੇ ਮਸ਼ਹੂਰ ਸਟੂਡੀਓ ਵਿੱਚ ਫੋਟੋਗ੍ਰਾਫ਼ੀ ਸਿੱਖ ਰਿਹਾ ਸਾਂ ਤਾਂ “ਬਾਊ ਜੀ” ਕੋਲ ਉਹਨਾਂ ਦਾ ਇੱਕ ਦੋਸਤ ਜੋ ਕਿ ਐਤਵਾਰ ਕੇਵਲ ਤਾਸ਼ ਖੇਡਣ ਆਉਂਦਾ ਹੁੰਦਾ ਸੀ, ਮੇਰੀ ਸਿ਼ਕਾਇਤ ਕਰਕੇ ਗਿਆ ਕਿ “ਥੋਡਾ ਇਹ ਮੁੰਡਾ ਮੈਨੂੰ ਨਮਸਤੇ ਨਹੀਂ ਕਰਦਾ” ।
“ਬਾਊ ਜੀ, ਮੇਰਾ ਇਹਦੇ ਨਾਲ਼ ਕੀ ਲੱਲਾ-ਖੱਖਾ ਹੈ, ਜੋ ਇਹਨੂੰ ਐਵੇਂ ਹੀ ਸਲੂਟ ਮਾਰਦਾ ਫਿਰਾਂ ? ਘਰ ਦਿਆਂ ਦਾ ਧਕਾਇਆ ਏਥੇ ਆ ਕੇ ਸਾਰੀ ਦਿਹਾੜੀ ਤਾਸ਼ ਕੁੱਟੀ ਜਾਂਦੈ” ਜੁਆਬ ਮੇਰਾ ਵੀ ਹੂੜ-ਮੱਤ ਵਾਲਾ ਹੀ ਸੀ । ਪਰ ਆਸਟ੍ਰੇਲੀਆ ਵਿੱਚ ਤਾਂ ਵਾਕਈ ਹੀ ਸਭ ਨੂੰ ਕੰਮ ਪਿਆਰਾ ਹੈ, ਚੰਮ ਨਹੀਂ । ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਤੇ ਹਰ ਕੋਈ ਆਪਣੇ ਕੰਮ ਦੀ ਇੱਜ਼ਤ ਕਰਦਾ ਹੈ । “ਨਾਰਥ ਮੈਲਬੌਰਨ” ਦੇ ਸਟੇਸ਼ਨ ਤੇ ਖੜਿਆਂ “ਕੌਨੈਕਸ ਰੇਲ” ਦੀ ਇੱਕ ਮੁਲਾਜ਼ਮ ਨਾਲ਼ ਗੱਲ ਬਾਤ ਚੱਲ ਪਈ, ਜੋ ਕਿ ਕਈ ਸਾਲ ਪਹਿਲਾਂ ਦੱਖਣ ਭਾਰਤ ਤੋਂ ਆਈ ਹੋਈ ਸੀ ।
“ਜੌਬ ਪਰ ਜਾ ਰਹੇ ਹੋ ?”
“ਜੌਬ ਤੋ ਅਭੀ ਮਿਲੀ ਨਹੀਂ ਹੈ, ਢੂੰਢ ਰਹੇ ਹੈਂ ।”
“ਹਾਂ, ਥੋੜਾ ਮੁਸ਼ਕਿਲ ਹੈ, ਮਿਲ ਜਾਏਗੀ । ਇੰਡੀਆ ਮੇਂ ਕਿਆ ਕਰਤੇ ਥੇ ?”
“ਸੌਫਟਵੇਅਰ ਕਾ ਕਾਮ ਥਾ, ਸਾਥ ਮੇਂ ਅਕਾਊਂਟਸ ਕੀ ਟ੍ਰੇਨਿੰਗ ਦੇਤਾ ਥਾ ।”
“ਯਹਾਂ ਟਰਾਈ ਕੀਆ ?”
“ਕੋਸਿ਼ਸ਼ ਚਲ ਰਹੀ ਹੈ, ਵੈਸੇ ਤੋ ਇੰਡੀਆ ਮੇਂ ਅਕਾਊਂਟਸ ਕਾ 17 ਸਾਲ ਕਾ ਤਜ਼ਰਬਾ ਹੈ ਮਗਰ ਯਹਾਂ ਤੋ ਡੀ ਗਰੇਡ ਜੌਬ ਭੀ ਨਹੀਂ ਮਿਲ ਰਹੀ ।”
“ਅੱਛਾ, ਇੰਡੀਆ ਸੇ ਅਭੀ ਆਏ ਹੋ !!!! ਜੋ ਸੀ, ਡੀ ਗਰੇਡ ਕੇ ਚੱਕਰੋਂ ਮੇਂ ਪੜੇ ਹੋ । ਅਰੇ ਭਈਆ, ਪਹਿਲੇ ਗਰੇਡ ਕਾ ਚੱਕਰ ਛੋੜੋ ਫਿਰ ਜੌਬ ਢੂੰਢਨਾ । ਯਹਾਂ ਕੋਈ ਏ ਯਾ ਡੀ ਗਰੇਡ ਜੌਬ ਨਹੀਂ ਹੈ, ਜੌਬ ਬੱਸ ਜੌਬ ਹੈ । ਪਹਿਲੇ ਜੌਬ ਕੀ ਰਸਪੈਕਟ ਕਰੋ, ਫਿਰ ਜੌਬ ਕਰਨਾਂ । ਚਾਹੇ ਲੇਬਰ ਕਰਤੇ ਹੋ ਯਾ ਅਫ਼ਸਰ ਹੋ, ਯਹਾਂ ਸਭ ਸਮਾਨ ਹੈ, ਕਿਸੀ ਕੋ ਕਿਸੀ ਸੇ ਕੋਈ ਮਤਲਬ ਨਹੀਂ ” ਜਾਪਦਾ ਹੈ ਕਿ ਉਸਨੇ ਆਸਟ੍ਰੇਲੀਆ ਜਿਉਣ ਲਈ ਬਹੁਤ ਜ਼ਰੂਰੀ ਗੁਰ ਗੱਲਾਂ-ਗੱਲਾਂ ਵਿੱਚ ਹੀ ਦੇ ਦਿੱਤਾ ਸੀ ।
“ਚੱਲ ਹੋਰ ਨਹੀਂ ਤਾਂ ਟੈਕਸੀ ਤਾਂ ਕਿਤੇ ਗਈ ਹੀ ਨਹੀਂ ।” ਸੋਚ ਕੇ ਵਿਕਟੋਰੀਆ ਸਟੇਟ ਦਾ ਲਾਇਸੈਂਸ ਬਨਵਾਉਣ ਲਈ ਫ਼ੀਸਾਂ ਭਰ ਦਿੱਤੀਆਂ । ਕੰਪਿਊਟਰ ਵਾਲੇ ਦੋ ਟੈਸਟ ਪਾਸ ਕਰ ਲਏ ਤੇ ਡਰਾਈਵਿੰਗ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ । ਪ੍ਰੈਕਟੀਕਲ ਟੈਸਟ ਦੇਣ ਲਈ ਚੰਗੀ ਗੱਡੀ ਦਾ ਹੋਣਾ ਬਹੁਤ ਜ਼ਰੂਰੀ ਹੈ । ਨਵੇਂ ਆਇਆਂ ਕੋਲ ਆਪਣੀ ਗੱਡੀ ਤਾਂ ਹੁੰਦੀ ਨਹੀਂ ਤੇ ਲਾਇਸੈਂਸ ਬਨਵਾਉਣ ਦੀ ਹਰੇਕ ਨੂੰ ਜਲਦੀ ਹੁੰਦੀ ਹੈ । ਇਸ ਲਈ ਜਿਸ ਕੋਲ ਡਰਾਈਵਿੰਗ ਦੀ ਟ੍ਰੇਨਿੰਗ ਲੈਣੀ ਹੁੰਦੀ ਹੈ, ਉਸੇ ਦੀ ਹੀ ਗੱਡੀ ਲੈ ਜਾਈ ਜਾ ਸਕਦੀ ਹੈ । ਗੱਡੀ ਲੈ ਜਾਣ ਦੇ 150 ਤੋਂ 250 ਡਾਲਰ ਤੱਕ ਦੇਣੇ ਪੈਂਦੇ ਹਨ । ਸਟੇਟ ਲਾਇਸੈਂਸ ਬਨਵਾਉਣ ਤੋਂ ਬਾਅਦ ਟੈਕਸੀ ਲਾਇਸੈਂਸ ਲਈ ਟ੍ਰੇਨਿੰਗ ਅਲੱਗ ਤੋਂ ਲੈਣੀ ਪੈਂਦੀ ਹੈ । ਚੱਲੋ ਜੀ, ਤੀਜੇ ਟੈਸਟ ਦਾ ਵਾਰੀ ਆ ਗਈ । ਮੈਲਬੌਰਨ ਤੋਂ ਕਰੀਬ ਦੋ ਘੰਟੇ ਦਾ ਸਫ਼ਰ ਕਰਕੇ ਡਰਮਾਣਾ ਪਹੁੰਚੇ । ਕਿਉਂ ਜੋ ਸਲਾਹਾਂ ਮਿਲੀਆਂ ਸਨ ਕਿ ਮੈਲਬੌਰਨ ਨਾਲੋਂ ਕਿਤੇ ਪਾਸੇ ਟੈਸਟ ਦਿੱਤਾ ਜਾਵੇ ਤਾਂ ਪਾਸ ਹੋਣ ਦੇ ਚਾਂਸ ਵਧ ਜਾਂਦੇ ਹਨ ।
“ਸਾਰੇ ਕਾਗਜ਼ ਪੱਤਰ ਲਿਆਂਦੇ ਨੇ?” ਟ੍ਰੇਨਿੰਗ ਦੇਣ ਵਾਲੀ ਆਂਟੀ ਨੇ ਰਸਤੇ ਵਿੱਚ ਪੁੱਛਿਆ ।
“ਬੈਂਕ ਸਟੇਟਮੈਂਟ ਤੇ ਪਾਸ ਕੀਤੇ ਦੋ ਟੈਸਟਾਂ ਦੇ ਰਿਜ਼ਲਟ ਮੈਨੂੰ ਪਤਾ ਸੀ, ਲਿਆਇਆ ਹਾਂ”
“ਤੇ ਪਾਸਪੋਰਟ?”
“ਮੈਨੂੰ ਕਦੋਂ ਕਿਹਾ ਸੀ ਕਿ ਪਾਸਪੋਰਟ ਚਾਹੀਦਾ ਹੈ?”
“ਇਹ ਤਾਂ ਥੋਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਸਪੋਰਟ ਬਿਨਾਂ ਟੈਸਟ ਨਹੀਂ ਹੋਣਾ”
ਪੂਜਾ ਨੂੰ ਫੋਨ ਕੀਤਾ ਕਿ ਸਾਰੇ ਕੰਮ ਕਾਰ ਛੱਡ ਪਾਸਪੋਰਟ ਲੈ ਕੇ ਡਰਮਾਣਾ ਪਹੁੰਚੇ ।
“ਮੈਂ ਟੈਸਟ ਦੀ ਆਪਣੀ ਫ਼ੀਸ ਐਡਵਾਂਸ ਲੈਂਦੀ ਹਾਂ” ਡਰਮਾਣਾ ਪਹੁੰਚਦਿਆਂ ਹੀ ਟ੍ਰੇਨਿੰਗ ਦੇਣ ਵਾਲੀ ਆਂਟੀ ਨੇ ਗੱਡੀ ਸਾਈਡ ਤੇ ਲਗਾ ਦਿੱਤੀ ।
“ਠੀਕ ਹੈ ਜੀ” ਕਹਿੰਦਿਆਂ ਪਰਸ ਵਿੱਚੋਂ ਕੱਢ ਕੇ 160 ਡਾਲਰ ਆਂਟੀ ਵੱਲ ਵਧਾਏ ।
“250 ਲਗਣੇ ਨੇ”
“ਗੱਲ ਤਾਂ 160 ਦੀ ਹੋਈ ਸੀ”
“ਡਰਮਾਣਾ ਦੇ ਜਿ਼ਆਦਾ ਨੇ, 250 ਲੱਗਣਗੇ”
ਪਰਸ ਵਿੱਚ ਹੱਥ ਮਾਰਿਆ ਤਾਂ 40 ਡਾਲਰ ਹੋਰ ਨਿੱਕਲੇ ।
“ਠੀਕ ਹੈ, ਵਾਈਫ਼ ਪਾਸਪੋਰਟ ਲੈ ਕੇ ਆ ਰਹੀ ਹੈ, ਬਾਕੀ ਉਸਤੋਂ ਲੈ ਕੇ ਦਿੰਦਾ ਹਾਂ ।”
ਖ਼ੈਰ! ਪਾਸਪੋਰਟ ਆ ਗਿਆ ਤੇ ਗੋਰੀ ਅਫ਼ਸਰ ਨੇ ਟੈਸਟ ਲਈ ਜ਼ਰੂਰੀ ਜਾਣਕਾਰੀ ਦਿੱਤੀ । ਅਜੇ ਲੋਕਲ ਜਨਤਾ ਦੀ ਗੱਲ-ਬਾਤ ਦੀ ਸਮਝ, ਹਿਸਾਬ ਸਿਰ ਹੀ ਆਉਂਦੀ ਹੈ । ਸੋ, ਅੱਧੀ ਕੁ “ਜ਼ਰੂਰੀ” ਜਾਣਕਾਰੀ ਉੱਤੋਂ ਲੰਘ ਗਈ ਤੇ “ਯਾ-ਯਾ” ਕਰਕੇ ਗੱਡੀ ‘ਚ ਆ ਬੈਠੇ ।
“ਰਾਈਟ ਸਿਗਨਲ ਪਲੀਜ਼” ਗੋਰੀ ਅਫ਼ਸਰ ਨੇ ਗੱਡੀ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ।
“ਰਾਈਟ ਸਿਗਨਲ !!!! ਇਹ ਕੀ ਹੋਇਆ ਭਲਾ ?” ਚਿੱਤ ‘ਚ ਸੋਚ ਆਈ ।
“ਰਾਈਟ ਸਿਗਨਲ ਪਲੀਜ਼” ਉਸ ਦੋਬਾਰਾ ਦੁਹਰਾਇਆ ।
ਚੌਦਾਂ ਦਿਨ ਹੋ ਗਏ ਟ੍ਰੇਨਿੰਗ ਲੈਂਦਿਆਂ, ਰਾਈਟ ਸਿਗਨਲ ਤਾਂ ਕਦੇ ਨਾਂ ਕਦੇ ਸੁਣਿਆ ਤੇ ਨਾਂ ਕਿਸੇ ਦੱਸਿਆ ।
“ਸੌਰੀ, ਆਈ ਕਾਂਟ ਅੰਡਰਸਟੈਂਡ ਯੂ” ਮੈਂ ਅਫ਼ਸਰ ਨੂੰ ਜੁਆਬ ਦਿੱਤਾ ।
“ਰਾਈਟ ਇੰਡੀਕੇਟਰ” ਕੋਲ ਖੜੀ ਆਂਟੀ ਨੇ ਕਿਹਾ । ਉਸ ਦੁਬਿਧਾ ‘ਚੋਂ ਕੱਢਿਆ । ਪੂਰੇ ਟੈਸਟ ਵਿੱਚ ਟ੍ਰੇਨਿੰਗ ਦੇਣ ਵਾਲਾ ਕੁਝ ਨਹੀਂ ਬੋਲ ਸਕਦਾ । ਪਰ ਅਫ਼ਸਰ ਦੀ ਗੱਲ ਨਾਂ ਸਮਝ ਆਉਣ ਦੀ ਸਮੱਸਿਆ ਦਰਸਾਉਣ ਤੇ ਉਹ ਬੋਲੀ । ਗੋਰੀ ਅਫ਼ਸਰ ਪਹਿਲੀ ਬਾਲ ਤੇ ਹੀ ਛੱਕਾ ਲਾ ਚੁੱਕੀ ਸੀ ਤੇ ਏਨੀ ਕੁ ਦੇਰ ‘ਚ ਮੈਂ ਆਪਣੇ ਮੱਥੇ ਤੇ ਆਇਆ ਪਸੀਨਾ ਵੀ ਪੂੰਝ ਚੁੱਕਾ ਸਾਂ ।
“ਕੀ ਟੈਸਟ ਦੌਰਾਨ ਤੁਸੀਂ ਕੋਈ ਗ਼ਲਤੀ ਤੋਂ ਬਚਾ ਸਕਦੇ ਹੋ?” ਡਰਮਾਣਾ ਆਉਂਦਿਆਂ ਰਸਤੇ ਵਿੱਚ ਆਂਟੀ ਤੋਂ ਪੇਪਰ ‘ਚ ਪਰਚੀਆਂ ਬਾਰੇ ਪੁੱਛਿਆ ਸੀ ।
“ਅਸੀਂ ਕੋਈ ਗੱਲ ਤੁਹਾਡੇ ਨਾਲ ਨਹੀਂ ਕਰ ਸਕਦੇ”
“ਪੰਜਾਬੀ/ਹਿੰਦੀ ‘ਚ ਤਾਂ ਦੱਸ ਸਕਦੇ ਹੋ, ਉਸਨੂੰ ਕਿਹੜਾ ਸਮਝ ਆਉਣ ਲੱਗੀ ਹੈ”
“ਨਹੀਂ, ਸਾਨੂੰ ਗੱਲ ਕਰਨ ਦੀ ਇਜ਼ਾਜ਼ਤ ਨਹੀਂ ਹੁੰਦੀ ।”
ਖੈ਼ਰ ! ਗੱਡੀ ਤੋਰ ਲਈ । ਕਰੀਬ 40 ਮਿੰਟ ਦਾ ਟੈਸਟ ਸੀ ਤੇ 30 ਕੁ ਮਿੰਟ ਸੁੱਖੀ ਸਾਂਦੀ ਨਿੱਕਲ ਗਏ । ਮੁੜ ਛੋਟੀ ਸੜਕ ਤੋਂ ਅੱਸੀ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ “ਟੀ ਇੰਟਰਸ਼ੈਕਸ਼ਨ” ਵਿੱਚ ਜਾਣਾ ਸੀ । ਖੱਬੇ ਪਾਸੇ ਦੇਖਿਆ, ਦੂਰ ਇੱਕ ਕਾਰ ਆ ਰਹੀ ਸੀ । ਪੰਜਾਬੀ ਦਿਮਾਗ ਜਾਗਰੂਕ ਹੋਇਆ ।
“ਸੱਜੇ ਪੈਰ ਨਾਲ ਨੱਪ ਦੇ ਕਿੱਲੀ, ਗੱਡੀ ਨਿੱਕਲ ਜਾਊ ।” ‘ਤੇ ਗੱਡੀ ਕੱਢ ਦਿੱਤੀ ।
“ਪੁਲ ਡਾਊਨ ਦ ਕਾਰ ਔਨ ਸਾਈਡ” ਪਿੱਛੋਂ ਗੋਰੀ ਮੇਮ ਦੀ ਆਵਾਜ਼ ਆਈ ।
“ਪਾਰਡਨ”
“ਗੱਡੀ ਸਾਈਡ ਤੇ ਲਾ ਦੇ ਕਾਕਾ ।” ਨਾਲ ਬੈਠੀ ਆਂਟੀ ਨੇ ਪਹਿਲੀ ਵਾਰੀ ਕੁਝ ਕਿਹਾ ।
ਗੱਡੀ ਸਾਈਡ ਤੇ ਲਾ ਦਿੱਤੀ, ਗੋਰੀ ਮੇਮ ਬਾਹਰ ਨਿੱਕਲ ਖੜੀ ਹੋਈ ।
“ਯੂ ਵਰ ਡੂਇੰਗ ਵੈਲ, ਵਾਏ ਯੂ ਡੂ ਦਿਸ?” ਗੋਰੀ ਅਫ਼ਸਰ ਢਾਕਾਂ ਤੇ ਹੱਥ ਰੱਖੀ ਖੜੀ ਸੀ । ਮੈਨੂੰ ਇਹ ਤਾਂ ਅੰਦਾਜ਼ਾ ਹੋ ਗਿਆ ਕਿ ਕੁਝ ਗੜਬੜ ਹੈ, ਪਰ ਹੋਇਆ ਕੀ ਇਹ ਸਮਝ ਨਹੀਂ ਆਈ ਸੀ । ਉਸਨੇ ਦੱਸਿਆ ਕਿ ਭਾਵੇਂ ਮੈਂ ਗੱਡੀ ਮੋੜ ਲਈ ਸੀ ਪਰ ਦੂਜੀ ਗੱਡੀ ਨੂੰ ਰਾਹ ਦੇਣ ਦਾ ਹੱਕ ਬਣਦਾ ਸੀ । ਉਸ ਮੇਰੇ ਹੱਥ ਫਰਲਾ ਫੜਾ ਦਿੱਤਾ, ਜਿਸਤੇ ਉਸਨੇ “ਟੈਸਟ ਟਰਮੀਨੇਟਡ” ਲਿਖ ਦਿੱਤਾ ਸੀ । ਉਸਦੇ ਇਸ ਸ਼ਬਦ “ਟੈਸਟ ਟਰਮੀਨੇਟਡ” ਨੇ ਮੇਰੇ 1000 ਡਾਲਰ ਗੁੱਲ ਕਰ ਦਿੱਤੇ ਜੋ ਕਿ ਮੈਂ ਅੱਜ ਤੱਕ ਡਰਾਈਵਿੰਗ ਦੇ ਟੈਸਟ, ਟ੍ਰੇਨਿੰਗ ਆਦਿ ਤੇ ਖ਼ਰਚ ਕੀਤੇ ਸਨ । ਨਾਲ਼ ਦੀ ਨਾਲ਼ ਭਾਰਤੀ ਕਰੰਸੀ ਅਨੁਸਾਰ ਜ਼ਰਬਾਂ ਦਿੱਤੀਆਂ ਤਾਂ ਤ੍ਰਾਹ ਨਿੱਕਲ ਗਿਆ । ਕਰੀਬ 35000 ਰੁਪਏ ਦੀ ਚੇਪੀ ਲੱਗ ਚੁੱਕੀ ਸੀ ।
“ਏਨੇ ਰੁਪਇਆਂ ਨਾਲ਼ ਘਰ ਦਾ ਤਿੰਨ ਮਹੀਨੇ ਦਾ ਖ਼ਰਚ ਚੱਲਣਾ ਸੀ ।”
“ਏਨੇ ਰੁਪਇਆਂ ਨਾਲ਼ ਤਨੀਸ਼ਾ ਦੇ ਸਕੂਲ ਦੀ ਸਾਲ ਦੀ ਫ਼ੀਸ ਨਿੱਕਲ ਸਕਦੀ ਸੀ ।”
“ਏਨੀ ਕਮਾਈ ਦਿਹਾੜੀਦਾਰ ਮਜ਼ਦੂਰ ਰੋਜ਼ ਅੱਠ ਘੰਟੇ ਸਖ਼ਤ ਮੁਸੱ਼ਕਤ ਕਰਕੇ ਕਰੀਬ ਅੱਠਾਂ ਮਹੀਨਿਆਂ ‘ਚ ਕਮਾਉਂਦਾ ਹੈ ।”
ਪਰ ਹੁਣ ਕੁਝ ਨਹੀਂ ਹੋ ਸਕਦਾ ਸੀ, ਏਥੇ ਨਾ ਤਾਂ ਸਿਫ਼ਾਰਿਸ਼ ਚਲਦੀ ਹੈ ਤੇ ਨਾ ਹੀ ਚਾਂਦੀ ਦਾ ਛਿੱਤਰ । ਟੈਕਸੀ ਚਲਾਉਣਾ ਜਾਂ ਨਾ ਚਲਾਉਣਾ ਬਾਅਦ ਦੀ ਗੱਲ ਹੈ, ਇੱਥੇ ਡਰਾਈਵਿੰਗ ਆਉਣਾ ਜ਼ਰੂਰੀ ਹੈ । ਭਾਰਤੀ ਲਾਇਸੈਂਸ ਤੇ ਕੇਵਲ ਇੱਕ ਸਾਲ ਹੀ ਗੱਡੀ ਚਲਾਈ ਜਾ ਸਕਦੀ ਹੈ । ਮੁੜ ਇੱਥੇ ਲਾਇਸੈਂਸ ਬਨਵਾਉਣਾ ਹੀ ਪਵੇਗਾ । ਕੰਮ ਤੇ ਜਾਣ ਲਈ ਵੀ ਕਾਰ ਹੋਵੇ ਤਾਂ ਚੰਗੀ ਗੱਲ ਹੈ । ਬਾਰਾਂ-ਚੌਦਾਂ ਸੌ ਡਾਲਰ ਦੀ ਵਧੀਆ ਕੰਮ ਚਲਾਊ ਕਾਰ ਮਿਲ ਜਾਂਦੀ ਹੈ । ਪੈਟਰੌਲ ਸਵਾ ਡਾਲਰ ਦਾ ਲੀਟਰ ਹੈ । ਕੁੜੀ ਹੋਵੇ ਜਾਂ ਮੁੰਡਾ, ਡਰਾਈਵਿੰਗ ਸਿੱਖ ਕੇ ਆਓ । ਇੱਕ ਕੰਮ ਹੋਰ ਕੀਤਾ ਜਾ ਸਕਦਾ ਹੈ ਕਿ ਜਿਸ ਵੀ ਸਟੇਟ ਵਿੱਚ ਆਉਣਾ ਹੋਵੇ, ਇੰਟਰਨੈੱਟ ਤੇ ਗੂਗਲ ਵਿੱਚ ਉਸੇ ਸਟੇਟ ਦੇ “ਡਰਾਈਵਿੰਗ ਰੂਲਜ਼” ਲਿਖ ਕੇ ਸਰਚ ਕਰ ਲਓ । ਉਸੇ ਸਟੇਟ ਦੇ ਸੜਕ ਨਿਯਮਾਂ ਬਾਰੇ ਜਾਣਕਾਰੀ ਮਿਲ ਜਾਵੇਗੀ ਤੇ ਪੂਰੀ ਦੀ ਪੂਰੀ ਕਿਤਾਬ ਡਾਊਨਲੋਡ ਕਰਕੇ ਟੈਸਟ ਦੀ ਤਿਆਰੀ ਵੀ ਕਰ ਸਕਦੇ ਹੋ ।
ਗੱਲ ਕਰ ਰਿਹਾ ਸਾਂ, “ਵੈੱਲ ਸੈਟਲਡ” ਪੰਜਾਬੀਆਂ ਦੀ । ਜਿਹੜੇ ਤਾਂ ਪੱਕੇ ਹੋ ਗਏ ਉਹਨਾਂ ਦੇ ਤਾਂ ਨਖ਼ਰੇ ਸੱਤਵੇਂ ਆਸਮਾਨ ਤੇ ਹਨ । ਇਹ ਗੱਲ ਤਾਂ ਵਾਰ-ਵਾਰ ਕੀ ਕਹਾਂ ਕਿ ਜਿੰਨੇ ਵੀ ਆਉਂਦੇ ਹਨ, ਕਿਸੇ ਨੇ ਪੰਜਾਬ ‘ਚ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ । ਪਰ ਏਥੇ ਆ ਕੇ ਸਭ ਵਿੰਗ-ਵਲੇਵੇਂ ਨਿੱਕਲ ਜਾਂਦੇ ਹਨ । ਕੋਈ ਆਪਣੇ ਰਿਸ਼ਤੇਦਾਰਾਂ ਨੂੰ ਏਅਰਪੋਰਟ ਤੋਂ ਲੈ ਕੇ ਆਇਆ । ਉਹਨਾਂ ਨੂੰ ਇੱਥੇ ਆਇਆਂ ਕਰੀਬ ਦੋ ਮਹੀਨੇ ਹੋ ਗਏ ਹਨ । ਘਰ ਵਾਲੀ ਪੜ੍ਹਦੀ ਹੈ ਤੇ ਘਰ ਵਾਲਾ ਕੰਮ ਕਾਰ ਲੱਭਦਾ/ਕਰਦਾ ਹੈ । ਆਸਟ੍ਰੇਲੀਆ ਵਿੱਚ “ਪਰਮਾਨੈਂਟ ਰੈਜ਼ੀਡੈਂਟ” ਰਿਸ਼ਤੇਦਾਰਾਂ ਨੇ ਉਹਨਾਂ ਦੀ ਚੰਗੀ ਰੇਲ ਬਣਾਈ । ਰਿਹਾਇਸ਼ ਦਾ ਕਿਰਾਇਆ ਤਾਂ ਲੈਂਦੇ ਹੀ ਹਨ ਪਰ ਦੂਜੇ ਤੀਜੇ ਦਿਨ ਹੋਰ ਡਾਲਰ ਮੰਗਦੇ ਹਨ ਕਿ ਰਾਸ਼ਨ ਲੈ ਕੇ ਆਉਣਾ ਹੈ । ਅੱਧਾ ਰਾਸ਼ਨ ਲੈ ਕੇ ਆਉਂਦੇ ਹਨ, ਅੱਧੇ ਡਾਲਰ ਆਪ ਡਕਾਰ ਜਾਂਦੇ ਹਨ । ਕੋਈ ਹਿਸਾਬ-ਕਿਤਾਬ ਨਹੀਂ ਕਿ ਡਾਲਰ ਕਿਥੇ ਖ਼ਰਚ ਹੋਏ । ਅੱਡ ਘਰ ਵੀ ਨਹੀਂ ਲੈਣ ਦਿੰਦੇ ਕਿ ਅਸੀਂ ਤੁਹਾਨੂੰ ਆਇਆਂ ਨੂੰ ਸਾਂਭਿਆ ਸੀ । ਜੇ ਘਰ ਪਾਸੇ ਲੈਣਾ ਹੈ ਤਾਂ 1000 ਡਾਲਰ ਦੇ ਕੇ ਜਿੱਥੇ ਮਰਜ਼ੀ ਜਾਓ । ਹੁਣ ਨਵਾਂ ਬੰਦਾ ਕਰੇ ਤਾਂ ਕੀ ਕਰੇ ? ਇਹ ਤਾਂ ਸੁਣੀ ਸਣਾਈ ਘਟਨਾ ਦੱਸੀ ਹੈ, ਹੁਣ ਅੱਖੀਂ ਦੇਖੀ ਸੁਣ ਲਓ । ਮੈਲਬੌਰਨ ‘ਚ ਨੌਕਰੀ ਲਈ ਧੱਕੇ ਖਾਂਦਿਆਂ ਇੱਕ ਭਾਰਤੀ ਰੇਸਤਰਾਂ ਨਜ਼ਰ ਆਇਆ, ਜਿੱਥੇ ਕਿ ਰਿਸੈਪਸ਼ਨ ਤੇ ਪੰਜਾਬੀ ਕੁੜੀ ਖੜੀ ਸੀ । ਤਿੱਖੀ ਧੁੱਪ ਸੀ ਤੇ ਪੀਣ ਵਾਲਾ ਪਾਣੀ ਖ਼ਤਮ ਹੋ ਚੁੱਕਾ ਸੀ । ਹੁਣ ਪੰਜਾਬ ਵਾਂਗ ਕੋਈ ਟੂਟੀਆਂ ਨਲਕੇ ਤਾਂ ਕਿਤੇ ਵੀ ਨਹੀਂ ਲੱਗੇ ਕਿ ਪਾਣੀ ਪੀ ਲਵੋ ਜਾਂ ਬੋਤਲ ਭਰ ਲਵੋ । ਡੇਢ ਡਾਲਰ ਦੀ ਪਾਣੀ ਦੀ ਬੋਤਲ ਆਉਂਦੀ ਹੈ ਤੇ ਗਰਮੀ ‘ਚ ਪਾਣੀ ਜਾਂਦਾ ਕਿਥੇ ਹੈ, ਪਤਾ ਨਹੀਂ ਲੱਗਦਾ । ਸੋਚਿਆ ਕਿ ਚਲੋ ਟਰਾਈ ਕਰ ਲੈਂਦੇ ਹਾਂ ਜੇ ਹਮਵਤਨ ਕੁੜੀ ਨੇ ਪਾਣੀ ਪਿਆ ਦਿੱਤਾ ਤਾਂ । ਉਸ ਨਾਲ਼ ਗੱਲ ਚੱਲੀ ਤਾਂ ਇੰਝ ਜਾਪਿਆ ਕਿ ਉਸ ਦੇ ਦੁੱਖ ਦੇ ਸਾਹਮਣੇ ਸਾਡਾ ਦੁੱਖ ਕੁਝ ਵੀ ਨਹੀਂ । ਕੁਝ ਮਹੀਨੇ ਪਹਿਲਾਂ ਉਸਦਾ ਵਿਆਹ ਕਿਸੇ ਆਸਟ੍ਰੇਲੀਆ ਰਹਿੰਦੇ ਪੱਕੇ ਮੁੰਡੇ ਨਾਲ ਹੋਇਆ ਸੀ । ਕਰੀਬ ਮਹੀਨਾ ਭਰ ਉਹ ਪੰਜਾਬ ਆਪਣੇ ਪਤੀ ਨਾਲ਼ ਰਹੀ ਸੀ ਤੇ ਮੁੜ ਉਹ ਆਸਟ੍ਰੇਲੀਆ ਆ ਗਿਆ । ਕਾਗਜ਼ ਪੱਤਰ ਭੇਜ ਕੇ ਉਸ ਕੁੜੀ ਨੂੰ ਵੀ ਬੁਲਵਾ ਲਿਆ ਪਰ ਏਅਰਪੋਰਟ ਲੈਣ ਹੀ ਨਹੀਂ ਆਇਆ । ਉਹ ਤਾਂ ਕੋਈ ਜਾਣ ਪਹਿਚਾਣ ਸੀ ਜੋ ਰਹਿਣ-ਸਹਿਣ ਦਾ ਇੰਤਜ਼ਾਮ ਹੋਇਆ ਤੇ ਭੱਜ ਦੌੜ ਕਰਕੇ ਸਟੂਡੈਂਟ ਵੀਜ਼ਾ ਕਰਵਾਇਆ, ਕਿਉਂ ਜੋ ਵਾਪਸ ਜਾ ਕੇ ਵੀ ਪੱਲੇ ਕੀ ਹੈ? ਜੇਕਰ ਇੱਥੇ ਸੈੱਟ ਹੋ ਗਈ ਤਾਂ ਸ਼ਾਇਦ ਚੰਗੇ ਦਿਨ ਮੁੜ ਆ ਜਾਣ । ਇੱਕ ਗੁਰਸਿੱਖ ਵੀਰ ਬਾਰੇ ਪਤਾ ਚੱਲਿਆ ਕਿ ਨਵਾਂ ਨਵਾਂ ਆਇਆ ਕਲੀਨਿੰਗ ਜਾਂ ਕਿਚਨ ਹੈਂਡ ਕੰਮ ਕਰਨ ਵਾਲਿਆਂ ਤੇ ਹੱਸਦਾ ਸੀ, ਪਰ ਜਦ ਕੁਝ ਮਹੀਨੇ ਕੰਮ ਨਹੀਂ ਮਿਲਿਆ ਤਾਂ ਮੀਟ ਫੈਕਟਰੀ ‘ਚ ਕੰਮ ਕਰਦਾ ਹੈ ।
ਪੰਜਾਬੀ ਵੀਰਾਂ ਦੇ ਖੁੱਲੇ ਖਾਣ ਪੀਣ ਨੇ ਇੱਥੇ ਵੀ ਝੰਡੇ ਗੱਡੇ ਹੋਏ ਨੇ । ਜਿੱਥੇ ਕਿਤੇ ਅੱਠ ਦਸ ਜਣੇ ਇਕੱਠੇ ਰਹਿੰਦੇ ਹਨ, ਰਸੋਈ ਤਾਂ ਇੱਕ ਹੀ ਹੁੰਦੀ ਹੈ । ਕਈ ਭੋਲੇ ਪੰਛੀ ਤਾਂ ਸਮਾਨ ਖਰੀਦ ਕੇ ਲਿਆਉਣ ‘ਚ ਹੀ ਰਹਿ ਜਾਂਦੇ ਹਨ ਤੇ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਰਾਸ਼ਨ ਕਿੱਥੇ ਗਿਆ ? ਕਈ ਤਾਂ ਬਣਿਆ-ਬਣਾਇਆ ਭੋਜਨ ਵੀ ਗਾਇਬ ਕਰਨ ‘ਚ ਮਾਹਿਰ ਹਨ । ਕੰਮ ਦੀ ਤਲਾਸ਼ ‘ਚ ਮੈਲਬੌਰਨ ਤੋਂ ਕਰੀਬ 200 ਕਿਲੋਮੀਟਰ ਦੂਰ “ਸ਼ੈਪਟਨ” ਗਿਆ । ਰਾਤ ਦਸ ਕੁ ਵਜੇ ਪਹੁੰਚਿਆ ਤੇ ਸਟੇਸ਼ਨ ਤੇ ਲੈਣ ਆਏ ਗੁਜਰਾਤੀ ਠੇਕੇਦਾਰ ਨੇ ਰਿਹਾਇਸ਼ ਦੇ ਪੈਸੇ ਪਹਿਲਾਂ ਹੀ ਰਖਵਾ ਲਏ । ਅੱਧੇ-ਪੌਣੇ ਘੰਟੇ ਦੇ ਸਫ਼ਰ ਤੋਂ ਬਾਦ ਕਿਸੇ ਪਿੰਡ ‘ਚ ਟੈਂਟ ਦੇ ਸਾਹਮਣੇ ਗੱਡੀ ਖੜੀ ਕਰ ਦਿੱਤੀ । ਨਾ ਕੋਈ ਲਾਈਟ, ਨਾ ਬੱਤੀ । ਘੁੱਪ ਹਨੇਰਾ । ਉਹ ਤਾਂ ਸ਼ੁਕਰ ਹੈ ਜੋ ਰੋਟੀ ਸਟੇਸ਼ਨ ਤੇ ਬਹਿ ਕੇ ਹੀ ਖਾ ਲਈ ਸੀ ।
“ਤੜਕੇ ਛੇ ਵਜੇ ਤਿਆਰ ਰਹਿਓ, ਕੰਮ ਤੇ ਜਾਣ ਲਈ ।” ਇਹ ਸੁਣਕੇ ਟੈਂਟ ‘ਚ ਰਹਿਣ ਦੀ ਚਿੰਤਾ ਘਟ ਗਈ ਤੇ ਚਿੱਤ ਖੁਸ਼ ਹੋ ਗਿਆ । ਤੜਕੇ ਸੱਤ ਵਜੇ ਜਾਗ ਖੁੱਲੀ ਤੇ ਨਾਲ ਪਏ ਦੋ ਮੁੰਡਿਆਂ ਨੂੰ ਜਗਾਇਆ ।
“ਸੌਂ ਜੋ ਭਾ ਜੀ, ਜੇ ਠੇਕੇਦਾਰ ਨੇ ਆਉਣਾ ਹੁੰਦਾ ਤਾਂ ਆ ਗਿਆ ਹੁੰਦਾ” ਜੁਆਬ ਮਿਲਿਆ ।
ਦਿਨ ਚੜ੍ਹਿਆ, ਆਲਾ ਦੁਆਲਾ ਦੇਖਿਆ ਤਾਂ ਝਰਨਾਹਟ ਛਿੜ ਗਈ ਕਿ ਉਜਾੜ ਜਿਹੇ ‘ਚ ਬੈਠੇ ਸਾਂ । ਤੁਰ ਫਿਰ ਕੇ ਦੁਕਾਨ ਲੱਭਣ ਦੀ ਕੋਸਿ਼ਸ਼ ਕੀਤੀ ਪਰ ਕੋਈ ਦੁਕਾਨ ਨਹੀਂ ਸੀ । ਮਨ ‘ਚ ਚਿੰਤਾ ਹੋਈ ਕਿ ਖਾਵਾਂ-ਪੀਵਾਂਗੇ ਕੀ, ਪਰ ਥੋੜੀ ਜਿਹੀ ਤਸੱਲੀ ਸੀ ਕਿ ਬਰੈਡ ਤੇ ਜੈਮ ਨਾਲ ਲੈ ਕੇ ਆਇਆ ਸਾਂ । ਨਾਲ਼ ਦਿਆਂ ਬਾਈਆਂ ਨੇ ਦੇਖਿਆ ਕਿ ਰਸੋਈ ‘ਚ ਕੋਈ ਨਹੀਂ, ਫਰਿੱਜ ਖੋਲਿਆ, ਦੁੱਧ ਕੱਢਿਆ, ਚਾਹ ਬਣਾਈ ਤੇ ਟਾਈਮ ਪਾਸ ਕਰ ਲਿਆ। ਦੁਪਹਿਰ ਤੇ ਰਾਤ ਦੀ ਰੋਟੀ ਵੇਲੇ ਵੀ ਇੰਝ ਹੀ ਕੀਤਾ, ਜਦ ਕੋਈ ਰਸੋਈ ‘ਚ ਨਹੀਂ ਸੀ, ਕਿਸੇ ਦਾ ਤੇਲ ਲਿਆ ਤੇ ਕਿਸੇ ਦੇ ਗੰਢੇ, ਕਿਸੇ ਦਾ ਆਟਾ ਤੇ ਕਿਸੇ ਲੂਣ-ਮਿਰਚ । ਰੋਟੀ ਬਣਾਈ ਤੇ ਛਕ ਲਈ । ਮੈਂ ਇਹ ਸਭ ਪਹਿਲੀ ਵਾਰ ਦੇਖ ਰਿਹਾ ਸਾਂ । ਜ਼ਰਾ ਜਿਹਾ ਟੋਕਣ ਦੀ ਹਿੰਮਤ ਕੀਤੀ ਤਾਂ ਜੁਆਬ ਮਿਲਿਆ ਕਿ ਇੱਥੇ ਤਾਂ ਇੰਝ ਹੀ ਚੱਲਦਾ ਹੈ । ਦੋ ਦਿਨ ਰਿਹਾ ਤੇ ਇਹੀ ਤਮਾਸ਼ਾ ਦੇਖਿਆ । ਮੈਂ ਦੋ ਦਿਨ ਸਿਰਫ਼ ਅੱਠ ਪੀਸ ਬਰੈੱਡ ਨਾਲ ਲੰਘਾਏ । ਕੋਈ ਚਾਹ ਨਹੀਂ, ਕੋਈ ਜੂਸ ਜਾਂ ਹੋਰ ਚੀਜ਼ ਨਹੀਂ । ਸ਼ਾਮ ਨੂੰ ਉਸ ਜਗ੍ਹਾ ਜਿੱਥੇ ਕਿ ਟੈਂਟ ਲੱਗਾ ਸੀ, ਦਾ ਗੋਰਾ ਮਾਲਕ ਆ ਗਿਆ ਤੇ ਕਿਰਾਏ ਦੀ ਮੰਗ ਕੀਤੀ । ਉਸਨੂੰ ਦੱਸਿਆ ਕਿ ਕਿਰਾਇਆ ਤਾਂ ਠੇਕੇਦਾਰ ਨੇ ਐਡਵਾਂਸ ਲੈ ਲਿਆ ਹੈ । ਗੋਰਾ ਕਹਿੰਦਾ ਕਿ ਮੈਨੂੰ ਤਾਂ 15 ਦਿਨ ਤੋਂ ਕਿਰਾਇਆ ਨਹੀਂ ਮਿਲਿਆ ਤੇ ਤੁਸੀਂ ਟੈਂਟ ਚੁੱਕ ਕੇ ਜਗ੍ਹਾ ਖਾਲੀ ਕਰੋ । ਸਭ ਨੇ ਰਲ ਕੇ ਗੋਰੇ ਨੂੰ ਸਮਝਾਇਆ ਕਿ ਸਾਡਾ ਕੀ ਕਸੂਰ ਹੈ, ਬਹੁਤ ਜਿ਼ਆਦਾ ਕਹਿਣ ਤੇ ਉਹ ਅਗਲੇ ਦਿਨ ਸਵੇਰ ਤੱਕ ਸਭ ਨੂੰ ਰਹਿਣ ਦੀ ਜਗ੍ਹਾ ਦੇਣ ਲਈ ਮੰਨ ਗਿਆ ਤੇ ਦਿਨ ਚੜ੍ਹਦਿਆਂ ਹੀ ਜੁੱਲੀ ਬਿਸਤਰਾ ਚੁੱਕਣਾ ਪਿਆ । ਠੇਕੇਦਾਰ ਨੂੰ ਪੁਲਿਸ ਨੂੰ ਸਿ਼ਕਾਇਤ ਕਰਨ ਬਾਰੇ ਕਹਿਣ ਤੇ ਉਸਨੇ ਪੈਸੇ ਵਾਪਸ ਕੀਤੇ । ਇੱਕ ਹੋਰ ਪੰਜਾਬੀ ਪੁੱਤਰ ਨੂੰ ਮਿਲਿਆ । ਉਸ ਨੂੰ ਆਸਟ੍ਰੇਲੀਆ ਆਇਆਂ ਦੋ ਸਾਲ ਹੋ ਚੁੱਕੇ ਹਨ । ਹਫ਼ਤੇ ‘ਚ ਤਿੰਨ ਦਿਨ ਕੰਮ ਕਰਕੇ ਬਾਕੀ ਦਿਨ ਐਸ਼ ‘ਚ ਲੰਘਾਉਂਦਾ ਹੈ । ਮਾਂ ਦੇ ਸ਼ੇਰ ਦੀ ਸਕੀਮ ਬੜੀ ਵਧੀਆ ਹੈ, ਆਟਾ ਲਿਆ ਕੇ ਰੱਖ ਲੈਂਦਾ ਹੈ, ਬਾਕੀ ਸਭ ਕੁਝ ਲੋਕਾਂ ਦਾ ਚੱਲਦਾ ਹੈ । ਇਹ ਤਾਂ ਉਹ ਗੱਲ ਬਣੀ ਕਿ ਮਾਚਿਸ ਜੇਬ ‘ਚ ਰੱਖੋ, ਸਿਗਰਟ ਕਿਤੋਂ ਨਾ ਕਿਤੋਂ ਮਿਲ ਹੀ ਜਾਵੇਗੀ । ਇੱਕ ਕਾਲਜ ਦੀ ਪੰਜਾਬੀ ਟੀਚਰ ਨੇ ਦੱਸਿਆ ਕਿ ਉਸਨੂੰ ਆਪਣੀਆਂ ਕੁਲੀਗ ਗੋਰੀਆਂ ਟੀਚਰਾਂ ਸਾਹਮਣੇ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂ ਜੋ ਵਿਦਿਆਰਥੀ ਗੋਰੀਆਂ ਟੀਚਰਾਂ ਦੁਆਰਾ ਫਰਿੱਜ ਵਿੱਚ ਰੱਖਿਆ ਦੁੱਧ ਪੀ ਜਾਂਦੇ ਹਨ ਤੇ ਪੰਜਾਬਣ ਹੋਣ ਕਾਰਨ ਗੋਰੀਆਂ ਉਸਦਾ ਮਜ਼ਾਕ ਉਡਾਉਂਦੀਆਂ ਹਨ ।
ਬਠਿੰਡਾ ਇਲਾਕੇ ਦੇ ਕਿਸੇ ਡਾਕਟਰ ਦਾ ਲੜਕਾ ਮਿਲਿਆ । ਉਸਦੀ ਮਾਂ ਵੀ ਚੰਗੇ ਅਹੁਦੇ ਤੇ ਹੈ । ਪਹਿਲੇ ਦਿਨ ਕੰਮ ਤੇ ਆਇਆ ਸੀ । ਸਾਰਾ ਦਿਨ ਕੰਮ ਕਰਕੇ ਉਸਦੀ ਜੀਭ ਬਾਹਰ ਆ ਗਈ ।
“ਤੈਨੂੰ ਏਥੇ ਟੱਕਰਾਂ ਮਾਰਨ ਦੀ ਕੀ ਲੋੜ ਪੈ ਗਈ ? ਮਾਂ-ਬਾਪ ਚੰਗਾ ਕਮਾਉਂਦੇ ਹਨ । ਕੱਲਾ-ਕਾਰਾ ਮੁੰਡਾ ਹੈਂ, ਮਾਪੇ ਭੇਜ ਸਕਦੇ ਹਨ ।” ਸ਼ਾਮ ਨੂੰ ਕੰਮ ਤੋਂ ਵਿਹਲੇ ਹੋ ਕੇ ਉਸਨੂੰ ਪੁੱਛਿਆ ।
“ਅਸਲ ‘ਚ ਭਾ ਜੀ, ਖਰਚ ਬੜਾ ਹੋ ਗਿਆ । ਦੋ ਮਹੀਨਿਆਂ ‘ਚ 3500 ਡਾਲਰ ਖ਼ਰਚ ਹੋ ਗਏ । ਘਰੋਂ ਮੰਗਵਾਉਂਦਿਆਂ ਸ਼ਰਮ ਆਉਂਦੀ ਹੈ ।”
“3500 ਡਾਲਰ ? ਏਨੇ ਕਾਹਦੇ ਤੇ ਖ਼ਰਚ ਹੋ ਗਏ ? ਸਾਡਾ ਦੋਹਾਂ ਜੀਆਂ ਦਾ ਖ਼ਰਚ 1000 ਡਾਲਰ ਮਹੀਨੇ ਦਾ ਹੈ ।”
“ਸਿਗਰਟਾਂ-ਸੁਗਰਟਾਂ ਬੜੀਆਂ ਲੱਗ ਜਾਂਦੀਆਂ ਨੇ, ਨਾਲ ਯਾਰ ਦੋਸਤ ਵੀ ਹੁੰਦੇ ਨੇ ।”
“ਫੇਰ ਵੀ, ਸਿਗਰਟਾਂ ਦੀ ਡੱਬੀ 10-12 ਡਾਲਰ ਦੀ ਆ ਜਾਂਦੀ ਹੈ ।”
“ਅਸਲ ‘ਚ ਭਾ ਜੀ ਤਿੰਨ-ਚਾਰ ਵਾਰੀ ਗੋਰੀਆਂ ਕੋਲ ਤੇ ਨਾਲੇ ਪੱਬ ਜਾ ਆਇਆ ਹਾਂ । ਗੋਰੀਆਂ ਅੱਧੇ ਘੰਟੇ ਦੇ 120 ਡਾਲਰ ਲੈਂਦੀਆਂ ਨੇ ।”
“ਅੱਜ ਕਮਾਏ ਕਿੰਨੇ ?”
“50 ਡਾਲਰ ।”
“ਮਿੱਤਰਾ ਆਪ ਸਾਰਾ ਦਿਨ ਟੱਕਰਾਂ ਮਾਰ ਕੇ ਪੰਦਰਾਂ ਮਿੰਟਾਂ ਜੋਗੇ ਵੀ ਨਹੀਂ ਕਮਾ ਸਕਿਆ । ਬਾਪੂ ਨੇ ਡਾਲਰ ਭੇਜੇ ਸੀ ਤਾਂ ਕਦਰ ਨਹੀਂ ਸੀ । ਗੱਲ ਕਿਥੇ ਜਾਂਦੀ ਹੈ, ਆਪ ਅੰਦਾਜ਼ਾ ਲਗਾ ਲੈ ।”
“ਜੇ ਪਤਾ ਹੁੰਦਾ ਕਿ ਏਨਾ ਔਖਾ ਹੋਣਾ ਪੈਂਦਾ ਹੈ ਤਾਂ ਨਾਂ ਜਾਂਦਾ । ਹੁਣ ਨਹੀਂ ਜਾਵਾਂਗਾ ।”
“ਮੈਂ ਤਾਂ ਆਪ ਪੈਸੇ ਜੋੜੀ ਜਾਂਦੈਂ, ਗੋਰੀਆਂ ਕੋਲ ਜਾਣ ਲਈ । ਪੰਜਾਬ ‘ਚ ਯਾਰਾਂ ਨੂੰ ਕੀ ਦੱਸਾਂਗੇ ਕਿ ਗੋਰੀਆਂ ਕੋਲ ਗਏ ਹੀ ਨਹੀਂ, ਨਮੋਸ਼ੀ ਹੋ ਜਾਊ ।” ਇੱਕ ਹੋਰ ਵਿਦਿਆਰਥੀ ਗੱਲਾਂ ਸੁਣਦਾ ਕੋਲੇ ਆ ਗਿਆ । ਇਸ ਸੱਜਣ ਦੀ ਅੱਜ ਤੱਕ ਦੀ ਦਿਹਾੜੀ ਵੱਧ ਤੋਂ ਵੱਧ ਪਝੱਤਰ ਡਾਲਰ ਬਣੀ ਸੀ । ਇਹ ਕੁਝ ਦਿਨ ਪਹਿਲਾਂ ਕਲਪ ਰਿਹਾ ਸੀ ਕਿ ਜ਼ਮੀਨ ਘੱਟ ਹੈ, ਘਰ ਦੇ ਖ਼ਰਚ ਮਸਾਂ ਪੂਰੇ ਹੁੰਦੇ ਹਨ, ਕਿਰਸਾਨੀ ਤੋਂ ਬਿਨਾਂ ਹੋਰ ਕੋਈ ਕੰਮ ਕਾਰ ਨਹੀਂ । ਬਾਪ ਨੇ ਚਾਰ ਲੱਖ ਰੁਪਏ ਕਰਜ਼ਾ ਚੁੱਕ ਕੇ ਭੇਜਿਆ ਹੈ ਤਾਂ ਜੋ ਪੈਰਾਂ ਸਿਰ ਹੋ ਜਾਵਾਂ ਪਰ ਹੁਣ ਅੰਦਰੂਨੀ ਭਾਵਨਾਵਾਂ ਫੁੱਟ-ਫੁੱਟ ਕੇ ਬਾਹਰ ਆ ਰਹੀਆਂ ਸਨ ।
ਕਈ ਬੀਬੀਆਂ ਦਾ ਹਾਲ ਵੀ ਸਪਰਿੰਗ ਵਾਲਾ ਹੋਇਆ ਪਿਆ ਹੈ । ਸਪਰਿੰਗ ਨੂੰ ਦਬਾਈ ਰੱਖੋ ਤਾਂ ਦਬਿਆ ਰਹਿੰਦਾ ਹੈ, ਜਦੋਂ ਛੱਡ ਦਿਓ ਤਾਂ ਆਪਣੇ ਵਿਤ ਤੋਂ ਕਿਤੇ ਜਿ਼ਆਦਾ ਉੱਪਰ ਨੂੰ ਉਛਲਦਾ ਹੈ । ਪਰਿਵਾਰ ‘ਚ ਰਹਿੰਦਿਆਂ ਹਰ ਕੋਈ ਮਾਂ-ਬਾਪ ਆਪਣੇ ਬੱਚਿਆਂ ਤੇ ਨਜ਼ਰ ਰੱਖਦਾ ਹੈ ਪਰ ਏਥੇ ਕੋਈ ਰੋਕ-ਟੋਕ ਕਰਨ ਵਾਲਾ ਹੈ ਨਹੀਂ, ਸੋ ਸਾਰੀਆਂ ਕਸਰਾਂ ਨਿੱਕਲ ਰਹੀਆਂ ਹਨ । ਕਈ ਮੁੰਡੇ ਕੁੜੀਆਂ, ਜਿਨ੍ਹਾਂ ਦੀਆਂ ਸਾਈਆਂ-ਵਧਾਈਆਂ ਕਾਲਜ ਪੜ੍ਹਦਿਆਂ ਹੀ ਲੱਗੀਆਂ ਹੋਈਆਂ ਸਨ ਤੇ ਇੱਥੇ ਆਉਣ ਦਾ ਮੌਕਾ ਮਿਲ ਗਿਆ, ਉਹਨਾਂ ਦੀ ਤਾਂ ਲਾਟਰੀ ਹੀ ਲੱਗੀ ਹੋਈ ਹੈ । ਕਿੰਨਾ ਫ਼ਰਕ ਪੈ ਗਿਆ ਉੱਥੇ ਤੇ ਏਥੇ ‘ਚ । ਉੱਥੇ ਡਰ-ਡਰ ਕੇ ਜਾਂ ਚੋਰੀ-ਚੋਰੀ ਮਿਲਦੇ ਸਨ, ਇੱਥੇ ‘ਕੱਠੇ ਰਹਿੰਦੇ ਹਨ । ਇਹ ਕੋਈ ਸੁਣੀ-ਸੁਣਾਈ ਗੱਲ ਨਹੀਂ, ਦੋ-ਤਿੰਨ ਅਜਿਹੇ ਜੋੜਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜੋ ਵਿਆਹੇ ਤਾਂ ਨਹੀਂ ਪਰ ਰਹਿੰਦੇ ‘ਕੱਠੇ ਨੇ । ਕਈ ਵਿਆਹੇ ਵੀ ਚੰਗੇ ਗੁੱਲ ਖੁਆ ਰਹੇ ਨੇ । ਟਰੇਨ ਜਾਂ ਬੱਸ ‘ਚ ਜਗ੍ਹਾ ਹੋਣ ਦੇ ਬਾਵਜੂਦ ਬੀਬਾ ਜੀ, ਕਾਕਾ ਜੀ ਦੇ ਪੱਟਾਂ ਤੇ ਬੈਠਦੇ ਹਨ । ਪਹਿਰਾਵਾ ਵੀ ਬਦਲ ਗਿਆ ਹੈ । ਪੰਜਾਬਣਾਂ ਦੇ ਮਿੰਨੀ ਸਕਰਟ ਪਾਈ ਦੇਖ ਸ਼ਰਮ ਮਹਿਸੂਸ ਹੁੰਦੀ ਹੈ, ਪਰ ਕੋਈ ਵੀ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ । ਏਥੋਂ ਤੱਕ ਕਿ ਗੁਰਦੁਆਰਾ ਸਾਹਿਬ ਗਈਆਂ ਕਈ ਮੁਟਿਆਰਾਂ ਦੇ ਵੀ ਅਜਿਹੀਆਂ ਪੋਸ਼ਾਕਾਂ ਪਾਈਆਂ ਹੁੰਦੀਆਂ ਨੇ ਕਿ ਅੰਗ ਬਾਹਰ ਆਉਣ ਨੂੰ ਕਾਹਲੇ ਹੁੰਦੇ ਨੇ । ਪਿਛਲੇ ਦਿਨੀਂ ਕਿੱਥੇ ਪੜ੍ਹ ਰਿਹਾ ਸਾਂ, ਯਾਦ ਨਹੀਂ ਆ ਰਿਹਾ । ਲਿਖਿਆ ਸੀ “ਅਸੀਂ ਗੁਰਦੁਆਰਾ ਸਾਹਿਬ ਲੋਕਾਂ ਦੇ ਕੱਪੜੇ ਦੇਖਣ ਜਾਂਦੇ ਹਾਂ ਜਾਂ ਸ਼ਰਧਾ-ਭਾਵਨਾ ਕਰਕੇ ? ਹਰ ਕਿਸੇ ਨੂੰ ਆਪਣੀ ਮਰਜ਼ੀ ਮੁਤਾਬਿਕ ਪਹਿਰਾਵਾ ਪਹਿਨਣ ਦਾ ਹੱਕ ਹੈ ।” ਪਰ ਸੁਆਲ ਤਾਂ ਇਹ ਹੈ ਕਿ ਕੀ ਮਰਿਆਦਾ ਦਾ ਕੋਈ ਮਹੱਤਵ ਨਹੀਂ ? ਉਂਜ ਤਾਂ ਅਸੀਂ ਸੱਭਿਆਚਾਰ ਦੇ ਬਥੇਰੇ ਦਮਗਜ਼ੇ ਮਾਰਦੇ ਹਾਂ ਪਰ ਕਈ ਲੇਖਕ ਵੀਰ ਅਜਿਹਿਆਂ ਦੀ ਵੀ ਵਕਾਲਤ ਕਰਦੇ ਹਨ । ਕਾਂਟਰੈਕਟ ਮੈਰਿਜ ਵਾਲਿਆਂ ਦਾ ਵੀ ਬੁਰਾ ਹਾਲ ਹੈ । ਕੰਮ ਤੋਂ ਦੋ ਦਿਨ ਦੀ ਛੁੱਟੀ ਸੀ । ਦੋ ਮਿੱਤਰ ਪਿਆਰੇ ਆਪਸ ਵਿੱਚ ਗੱਲਾਂ ਕਰ ਰਹੇ ਸਨ ।
“ਮੈਂ ਮੈਲਬੌਰਨ ਜਾਣਾ ਹੈ, ਤੇਰਾ ਕੀ ਪ੍ਰੋਗਰਾਮ ਹੈ ।”
“ਮੈਲਬੌਰਨ ??? ਉੱਥੇ ਕੀ ਕਰਨਾ ਹੈ ?”
“ਜਿਸਦੀ ਫ਼ੀਸ ਭਰ ਕੇ ਆਇਆ ਹਾਂ, ਉਹਦੇ ਕੋਲ ਰਾਤ ਕੱਟ ਆਵਾਂਗੇ, ਨਾਲੇ ਕੋਈ ਸੌ-ਪੰਜਾਹ ਡਾਲਰ ਦੇ ਆਵਾਂਗੇ, ਖੁਸ਼ ਹੀ ਹੋ ਜਾਵੇਗੀ ।”
ਆਉਣ ਵਾਲਿਆਂ ਨੂੰ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਦੇਣੀ ਚਾਹਾਂਗਾ ਕਿ ਇੱਥੇ ਰਹਿਣ-ਸਹਿਣ ਦਾ ਖ਼ਰਚ ਬਹੁਤ ਜਿ਼ਆਦਾ ਨਹੀਂ ਹੈ । ਹਾਂ ! 35 ਨਾਲ਼ ਗੁਣਾ ਤਾਂ ਕਰਿਓ ਨਾ । ਇੱਥੇ ਕਮਾਈ ਤੇ ਖ਼ਰਚ ਹਫ਼ਤੇਵਾਰ ਗਿਣੇ ਜਾਂਦੇ ਹਨ । ਵੱਧ ਖ਼ਰਚ ਤਾਂ ਜਿਵੇਂ ਮਰਜ਼ੀ ਕਰੀ ਜਾਓ, ਰਿਹਾਇਸ਼ ਤੇ ਰਾਸ਼ਨ 100 ਡਾਲਰ, ਮੋਬਾਇਲ ਤੇ ਕਾਲਜ ਜਾਣ ਲਈ ਟਰੇਨ-ਬੱਸ ਆਦਿ ਦਾ ਕਿਰਾਇਆ ਕਰੀਬ 25 ਡਾਲਰ ਪ੍ਰਤੀ ਹਫ਼ਤਾ ਨਾਲ਼ ਸਰ ਸਕਦਾ ਹੈ । ਬਿਜਲੀ, ਪਾਣੀ ਤੇ ਗੈਸ ਦਾ ਬਿੱਲ ਨਾਮ-ਮਾਤਰ ਹੁੰਦਾ ਹੈ ਤੇ ਤਿੰਨਾਂ ਮਹੀਨਿਆਂ ਬਾਅਦ ਆਉਂਦਾ ਹੈ । ਕੰਮ ਮਿਲਣਾ ਔਖਾ ਹੈ ਪਰ ਜਿਹੜੇ ਖੇਤਾਂ ਆਦਿ ‘ਚ ਚਲੇ ਜਾਂਦੇ ਹਨ, ਉਹ ਚੰਗੀ ਕਮਾਈ ਕਰ ਲੈਂਦੇ ਹਨ । ਕੰਮ ਜੋ ਵੀ ਮਿਲੇ ਹੱਥ ਪਾ ਲਵੋ । ਇਹ ਨਾ ਹੋਵੇ ਜੋ ਕੰਮ ਮਿਲਦਾ ਹੈ, ਉਹ ਪਸੰਦ ਨਾ ਆਵੇ ਤੇ ਜੋ ਪਸੰਦ ਹੈ, ਉਹ ਕੰਮ ਮਿਲੇ ਨਾ । ਹਾਂ ਸੱਚ ! ਇੱਕ ਗੱਲ ਹੋਰ, ਆਉਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਕੋਰਸ, ਪੱਕੇ ਹੋਣ ਲਈ ਪੁਆਇੰਟ ਸਿਸਟਮ ਤੇ ਕੋਰਸ ਦੇ ਭਵਿੱਖ ਬਾਰੇ ਜ਼ਰੂਰ ਪਤਾ ਕਰ ਲੈਣਾ । ਇਹ ਵੀ ਦੇਖ ਲੈਣਾ ਕਿ ਜਿਸ ਕੋਰਸ ਵਿੱਚ ਆ ਰਹੇ ਹੋ, ਉਸ ਵਿਸ਼ੇ ‘ਚ ਕੋਈ ਦਿਲਚਸਪੀ ਵੀ ਹੈ ਜਾਂ ਨਹੀਂ । ਕਈ ਅਜਿਹੇ ਵਿਦਿਆਰਥੀ ਮਿਲੇ ਜਿਨ੍ਹਾਂ ਨੇ ਕਦੀ ਕੰਪਿਊਟਰ ਚਲਾ ਕੇ ਨਹੀਂ ਦੇਖਿਆ ਤੇ ਇੱਥੇ ਮਲਟੀਮੀਡੀਆ ਦੇ ਕੋਰਸ ਵਿੱਚ ਆਏ ਹੋਏ ਨੇ । ਹੁਣ ਉਹਨਾਂ ਦੇ ਪੱਲੇ ਕੀ ਪਵੇਗਾ ਤੇ ਭਵਿੱਖ ਵੀ ਕੀ ਹੋਵੇਗਾ ? ਇੱਥੇ ਇਸ ਗੱਲ ਦੀ ਵੀ ਸਖ਼ਤੀ ਹੋ ਰਹੀ ਹੈ ਕਿ ਜੋ ਵਿਦਿਆਰਥੀ ਜਿਹੜੇ ਕੋਰਸ ਵਿੱਚ ਆਏ, ਉਹੀ ਕੰਮ ਵੀ ਕਰੇ । ਉਹਨਾਂ ਦਾ ਮਕਸਦ ਸਿਰਫ਼ ਪੱਕਾ ਹੋਣ ਤੱਕ ਨਾ ਰਹੇ । ਬੜੇ ਲੜਕੇ ਕੁਕਰੀ ਜਾਂ ਹੇਅਰ ਡਰੈਸਿੰਗ ਵਿੱਚ ਆਏ ਸਨ ਪਰ ਟੈਕਸੀ ਚਲਾਈ ਜਾਂਦੇ ਹਨ । ਜਿਹੜੀ ਪੜ੍ਹਾਈ ਕੀਤੀ ਉਸ ਕੰਮ ਵਿੱਚ ਨਹੀਂ ਗਏ । ਇੰਝ ਹੀ ਲੜਕੀਆਂ ਵੀ ਹੋਰ ਕੰਮਾਂ ਵਿੱਚ ਪਈਆਂ ਹੋਈਆਂ ਨੇ । ਵਿਦਿਆਰਥੀਆਂ ਨੇ ਪੱਕੇ ਹੋਣ ਦੇ ਕਾਗਜ਼ ਭਰਨ ਵੇਲੇ ਜਾਅਲੀ ਤਜਰਬੇ ਦਿਖਾ ਦਿੱਤੇ ਪਰ ਹੁਣ ਕਈਆਂ ਦੀਆਂ ਇਨਕੁਆਰੀਆਂ ਆ ਰਹੀਆਂ ਨੇ । ਇੱਕ ਹੋਰ ਵੀ ਪੰਗਾ ਪੈ ਰਿਹਾ ਹੈ ਕਿ ਦੋ ਸਾਲ ਇਥੇ ਰਹੇ, ਘਰੋਂ ਖ਼ਰਚ ਨਹੀਂ ਮੰਗਵਾਇਆ ਤਾਂ ਖ਼ਰਚ ਚੱਲਿਆ ਕਿੱਥੋਂ ? ਇੱਥੇ ਕੋਈ ਵੀ ਅਜਿਹੀ ਨੌਕਰੀ ਨਹੀਂ ਹੈ ਜਿਥੇ ਬਿਨਾਂ ਟੈਕਸ ਭਰੇ ਤਨਖਾਹ ਮਿਲਦੀ ਹੋਵੇ । ਗੱਲ ਸਪੱਸ਼ਟ ਹੈ ਕਿ ਕੰਮ ਨਕਦ ਰੁਪਏ ਲੈ ਕੇ ਕਰ ਲਿਆ ਤੇ ਟੈਕਸ ਭਰਿਆ ਨਹੀਂ । ਦੋ ਸਾਲ ਤਾਂ ਇਹਨਾਂ ਗੱਲਾਂ ਬਾਰੇ ਸੋਚਿਆ ਨਹੀਂ ਤੇ ਬਾਦ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਆਖਰੀ ਗੱਲ ਜੋ ਕਿ ਸਭ ਤੋਂ ਮਹੱਤਵਪੂਰਨ ਹੈ, ਵਾਰ-ਵਾਰ ਖਬਰਦਾਰ ਕਰਨਾ ਚਾਹਾਂਗਾ ਕਿ ਜੇਕਰ ਕੋਈ ਏਜੰਟ ਜਾਂ ਕਾਲਜ ਵਾਲਾ ਇਹ ਕਹੇ ਕਿ ਕੰਮ ਦੀ ਚਿੰਤਾ ਨਾ ਕਰੋ, ਕੰਮ ਦਿਵਾ ਦਿਆਂਗਾ ਜਾਂ ਮਿਲ ਜਾਵੇਗਾ ਤਾਂ ਭਾਈ ਮੁੜ ਕਿਸੇ ਨੂੰ ਦੋਸ਼ ਨਾ ਦਿਆ ਜੇ । ਏਜੰਟਾਂ ਦੇ ਦਿਖਾਏ ਸੁਪਨਿਆਂ ਤੋਂ ਬੜੇ ਦੁਖੀ ਲੋਕ ਵੀ ਮਿਲੇ । ਅਖ਼ਬਾਰਾਂ ‘ਚ ਇਸ਼ਤਿਹਾਰ ਲੱਗੇ ਹੁੰਦੇ ਨੇ ਕਿ
“ਦੋ ਸਾਲ ਬਾਅਦ ਆਸਟ੍ਰੇਲੀਆ ‘ਚ ਪੱਕੇ”
“ਪੜ੍ਹਾਈ ਦੇ ਨਾਲ਼-ਨਾਲ਼ ਹਫ਼ਤੇ ‘ਚ 20 ਘੰਟੇ ਕੰਮ ਕਰੋ”
“ਸੁਨਿਹਰਾ ਭਵਿੱਖ”
ਇਹ ਇਸ਼ਤਿਹਾਰ ਪੜ੍ਹ ਕੇ ਇੰਝ ਜਾਪਦਾ ਹੈ ਜਿਵੇਂ ਕਹਿ ਰਿਹਾ ਹੋਵੇ “ਕੋਈ ਨਾ, ਜੇ ਸ਼ਰਾਬ ਵਾਲੀ ਭੱਠੀ ਫੜੀ ਵੀ ਗਈ ਤਾਂ ਸਰਪੰਚ ਤੋਂ ਫੋਨ ਕਰਵਾ ਦਿਆਂਗੇ ਭਾਵ ਪੱਕੇ ਕਰਵਾ ਦਿਆਂਗੇ ।” ਕੋਈ ਮਜ਼ਾਕ ਹੈ ਕਿ ਆਸਟ੍ਰੇਲੀਆ ‘ਚ ਪੱਕੇ ਹੋ ਜਾਵੋਗੇ ਜਾਂ ਸਿੱਧੀ ਇਮੀਗ੍ਰੇਸ਼ਨ ਦਫ਼ਤਰ ਨਾਲ “ਹੌਟ ਲਾਈਨ” ਤੇ ਗੱਲ-ਬਾਤ ਚੱਲਦੀ ਹੈ ਜੋ ਕਹਿ ਦਿਓਗੇ...
“ਆਪਣਾ ਬੰਦਾ ਹੈ, ਧਿਆਨ ਰੱਖਿਓ । ਪੱਕਾ ਕਰ ਦੇਣਾ ।”
ਛੱਡ ਦਿਓ ਯਾਰ ਖਹਿੜਾ, ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ‘ਚ ਰੋਲਣ ਦਾ । ਸਾਡੀਆਂ ਤਾਂ ਜਿੰਦਗੀਆਂ ਤੁਹਾਡੇ ਦਿਖਾਏ ਸੁਪਨਿਆਂ ਨਾਲ਼ ਤਬਾਹ ਹੋ ਗਈਆਂ । ਸਾਡੇ ਹੋਰ ਭਰਾਵਾਂ ਨੂੰ ਬਖ਼ਸ਼ ਦਿਓ । ਤੁਸੀਂ ਕਮਾਈਆਂ ਕਰਨ ਨੂੰ ਬੈਠੇ ਹੋ, ਜੰਮ-ਜੰਮ ਕਰੋ, ਪਰ ਅਗਲੇ ਨੂੰ ਸੱਚ ਦੀ ਤਸਵੀਰ ਜ਼ਰੂਰ ਦਿਖਾ ਦਿਓ । ਖੇਤਾਂ ‘ਚ ਲੋਕਲ ਜਨਤਾ ਨਾਲ਼ੋਂ ਅੱਧੇ ਪੈਸਿਆਂ ‘ਚ ਕੰਮ ਕਰ-ਕਰ ਕੇ ਪੰਜਾਬੀ ਪੁੱਤ ਰੁਲੇ ਪਏ ਨੇ । ਸਾਡੇ ਗੁੱਟ ਤੇ ਹੱਥ ਸੁੱਜੇ ਪਏ ਨੇ । ਸੁੱਜੀਆਂ ਉਂਗਲਾਂ ਬੁਰੀ ਤਰਾਂ ਦਰਦ ਕਰਦੀਆਂ ਨੇ । ਵਿਦਿਆਰਥੀ ਸ਼ਰਮ ਦੇ ਮਾਰੇ ਸਚਾਈ ਦੱਸਦੇ ਨਹੀਂ ਕਿ ਪਿੰਡ ਨਮੋਸ਼ੀ ਹੋਵੇਗੀ, ਪਰ ਮੈਂ ਤਾਂ ਆਪਣੇ ਪੰਜਾਬੀ ਭਰਾਵਾਂ ਨੂੰ ਬਚਾਉਣ ਲਈ ਆਪਣਾ ਢਿੱਡ ਨੰਗਾ ਕਰ ਰਿਹਾ ਹਾਂ । ਹਾੜਾ ਓਏ ਏਜੰਟ ਵੀਰੋ, ਤਰਸ ਕਰ ਲਵੋ ਯਾਰ.....
ਮੈਲਬੌਰਨ ‘ਚ ਕੁਝ ਗੜਬੜ ਹੋਈ ਪਰ ਪੂਰਨ ਸ਼ਾਂਤੀ ਵਾਲੇ ਇਲਾਕਿਆਂ ‘ਚ ਰਹਿਣ ਵਾਲੇ ਵਿਦਿਆਰਥੀ ਵੀ ਏਨੇ ਕੁ ਤੰਗ ਨੇ, ਕਿ ਕਈ ਹਾਲਾਤ ਵਿਗੜ ਜਾਣ ਦਾ ਬਹਾਨਾ ਹੀ ਲੱਭ ਰਹੇ ਨੇ । ਬੱਸ ਉਸ ਦਿਨ ਦੀ ਇੰਤਜ਼ਾਰ ਹੈ ਜਦ ਕਿ ਘਰੋਂ ਫੋਨ ਆ ਜਾਵੇ...
“ਪੁੱਤ ਹਾਲਾਤ ਖਰਾਬ ਨੇ, ਜਾਨ ਨਾਲ ਹੀ ਜਹਾਨ ਹੈ । ਵਾਪਸ ਆ ਜਾ ਮੇਰਾ ਪੁੱਤ ।” ਕਾਕੇ ਹੋਰੀਂ ਤਾਂ ਚਾਹੁੰਦੇ ਹੀ ਇਹ ਨੇ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ।
ਜੇ ਕਿਸੇ ਆਉਣ ਵਾਲੇ ਨੂੰ ਅਜੇ ਵੀ ਕੋਈ ਤਸੱਲੀ ਨਾ ਹੋਈ ਹੋਵੇ ਤਾਂ ਤਾਜ਼ਾ ਹਾਲਤਾਂ ਦੀ ਜਾਣਕਾਰੀ ਲਈ ਮੈਨੂੰ ਈ-ਮੇਲ ਜਾਂ ਫੋਨ ਕਰ ਸਕਦਾ ਹੈ ।
ਇੱਕ ਨੌਜਵਾਨ ਨੂੰ ਫੋਨ ਤੇ ਪੰਜਾਬ ‘ਚ ਕਿਸੇ ਯਾਰ ਨਾਲ ਗੱਲ ਕਰਦਿਆਂ ਸੁਣਿਆ...
“ਫਿ਼ਕਰ ਨਾ ਕਰ ਬਾਈ, ਤੇਰਾ ਭਰਾ ਏਥੇ ਬੈਠਾ । ਬੱਸ ਫਲਾਈਟ ਫੜਨ ਤੋਂ ਪਹਿਲਾਂ ਮਾੜਾ ਜਿਹਾ ਫੋਨ ਕਰ ਦੇਈਂ । ਤੈਨੂੰ ਏਅਰਪੋਰਟ ਤੇ ਲੈਣ ਮੈਂ ਆਪ ਆਊਂ ।”
ਸ਼ਾਇਦ ਉਧਰੋਂ ਕੰਮ ਬਾਰੇ ਪੁੱਿਛਆ ਗਿਆ ।
“ਕੰਮ ਦੀ ਚਿੰਤਾ ਨਾ ਕਰ, ਕੰਮ ਵਾਧੂ । ਹੁਣੇ ਸਿ਼ਫ਼ਟ ਤੋਂ ਆਇਆ ਹਾਂ । ਮੈਲਬੌਰਨ ਨਾ ਮਿਲਿਆ ਤਾਂ ਐਡੀਲੈਡ ਜਾਂ ਬ੍ਰਿਸਬੇਨ ਤੇਰੀ ਸੈਟਿੰਗ ਕਰਵਾ ਦੇਵਾਂਗੇ ।”
ਉਹ ਲੰਬੀਆਂ-ਲੰਬੀਆਂ ਛੱਡੀ ਜਾ ਰਿਹਾ ਸੀ, ਮੈਨੂੰ ਸੁਣਦੇ ਨੂੰ ਸੰਭਾਲਣੀਆਂ ਔਖੀਆਂ ਹੋ ਰਹੀਆਂ ਸਨ । ਤੜਕੇ ਦਾ ਤਾਂ ਮੀਂਹ ਪੈ ਰਿਹਾ ਸੀ, ਇਹ ਕਿਹੜੀ ਸਿ਼ਫ਼ਟ ਲਾ ਆਇਆ । ਨਾਲ ਹੀ ਇਹ ਵੀ ਸਮਝ ਨਹੀਂ ਸੀ ਆ ਰਹੀ ਕਿ ਉਸਦੇ ਯਾਰ ਨੇ ਪੜ੍ਹਨ ਲਈ ਤਾਂ ਮੈਲਬੌਰਨ ਆਉਣਾ ਹੈ ਤਾਂ ਐਡੀਲੈਡ ਜਾਂ ਬ੍ਰਿਸਬੇਨ ਕੰਮ ਕਿਵੇਂ ਕਰੇਗਾ । ਐਡੀਲੈਡ ਤੋਂ ਮੈਲਬੌਰਨ ਦਸ ਘੰਟੇ ਦਾ ਰਸਤਾ ਹੈ ਤੇ ਇਹ ਇੰਝ ਗੱਲ ਕਰ ਰਿਹਾ ਹੈ, ਜਿਵੇਂ ਅੱਧੇ ਘੰਟੇ ‘ਚ ਕੰਮ ਤੇ ਪਹੁੰਚ ਜਾਏਗਾ ।
“ਆਹ ਕੀ ਗੱਲ ਕਰ ਰਿਹਾ ਸੀ, ਬਈ ਪੜ੍ਹਾਈ ਮੈਲਬੌਰਨ ਤੇ ਕੰਮ ਐਡੀਲੈਡ ?” ਉਸਨੂੰ ਪੁੱਛਿਆ ।
“ਭਾ ਜੀ, ਟੈਂਸ਼ਨ ਕਿਉਂ ਲਈ ਜਾਂਦੇ ਹੋ ? ਜਿਵੇਂ ਆਪਾਂ ਯਬਕਦੇ ਫਿਰਦੇ ਆਂ, ਉਹ ਵੀ ਤੁਰਿਆ ਫਿਰੂ ।”
“ਫੇਰ ਵੀ ਸਹੀ ਦੱਸਣਾ ਆਪਣਾ ਫ਼ਰਜ਼ ਹੈ, ਬਾਕੀ ਅਗਲੇ ਦੀ ਮਰਜ਼ੀ ।”
“ਉਹਨੇ ਕਿਹੜਾ ਆਪਣੇ ਕਹਿਣ ਤੇ ਰੁਕਣਾ ਹੈ । ਆਪਾਂ ਕਿਉਂ ਮਾੜਾ ਬਣਨਾ ਹੈ, ਰੋਕ ਕੇ ।”
ਇੱਕ ਹੋਰ ਵੀਰ ਨੂੰ ਫੋਨ ਤੇ ਪੰਜਾਬ ਗੱਲ ਕਰਦਿਆਂ ਸੁਣਿਆ, ਦੁਆ ਸਲਾਮ ਤੋਂ ਬਾਅਦ....
“ਬੇਬੇ, ਬਾਪੂ ਜੀ ਨੂੰ ਕਹੀਂ ਡੰਡਿਆਂ ਵਾਲੀ ਪੌੜੀ ਤੇ ਦਿਹਾੜੀ ‘ਚ ਅੱਠ-ਦਸ ਵਾਰ ਚੜ੍ਹ ਉੱਤਰ ਜਿਆ ਕਰੇ ।”
“ਵੇ ਫੋਟ ! ਓਹ ਕਾਹਨੂੰ ?”
“ਜਦੋਂ ਡੇਢ-ਦੋ ਸੌ ਵਾਰ ਚੜ੍ਹਨ ਉੱਤਰਨ ਦੀ ਪ੍ਰੈਕਟਿਸ ਹੋ ਜਾਊ ਤਾਂ ਬਾਪੂ ਦੇ ਕਾਗਜ਼ ਭੇਜ ਦੇਊਂ, ਨਾਲ਼ੇ ਤਾਂ ਆਸਟ੍ਰੇਲੀਆ ਦੇਖ ਜਾਊ ਤੇ ਨਾਲ਼ੇ ਸੀਜ਼ਨ ‘ਚ ਟਿਕਟ ਦਾ ਖ਼ਰਚ ਕੱਢ ਕੇ ਦੋ ਲੱਖ ਰੁਪਇਆ ਕਮਾ ਲਊ ।”
“ਨਾ ਪੁੱਤ, ਰੁਪਇਆ ਤਾਂ ਠੀਕ ਐ, ਪੌੜੀ ਤੇ ਕਾਹਨੂੰ ਚੜ੍ਹਨਾ ਉੱਤਰਨਾ ਹੋਇਆ ?”
“ਬੇਬੇ ਏਥੇ ਸੇਬ, ਸੰਤਰੇ ਤੇ ਆੜੂ ਅਰਗੇ ਫਰੂਟ ਹੁੰਦੇ ਐ, ਉਹ ਤਾਂ ਪੌੜੀ ਤੇ ਚੜ੍ਹ ਕੇ ਈ ਤੋੜੇ ਜਾਂਦੇ ਐ ।”
ਚੰਗਾ ਹੈ, ਪੁੰਨ ਦੇ ਨਾਲ ਫਲੀਆਂ ਵੀ.... ਨਾਲੇ ਤਾਂ ਬਾਪੂ ਹੋਰੀਂ ਆਸਟ੍ਰੇਲੀਆ ਘੁੰਮ ਲੈਣਗੇ ਤੇ ਨਾਲੇ ਕਮਾਈ ਕਰ ਲੈਣਗੇ ।
ਹਾਂ ਸੱਚ ! ਇੱਕ ਹੋਰ ਵੀਰ ਏਥੇ ਮਿਲਿਆ । ਉਸਨੇ ਆਸਟ੍ਰੇਲੀਆ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਸਕਿਉਰਟੀ ਦਾ ਕੰਮ ਕਰਦਾ ਹੈ, ਉਸਨੇ ਵੀ ਇਸੇ ਵਿਸ਼ੇ ਤੇ ਹੋਰ ਲਿਖਣ ਲਈ ਪ੍ਰੇਰਿਤ ਕੀਤਾ ।
“ਮੇਰੇ ਵੱਲੋਂ ਤਾਂ ਸਿੱਧੀ ਜਿਹੀ ਗੱਲ ਲਿਖ ਦੇਣਾ ਕਿ ਭਰਾਓ ਜੇ ਤੁਸੀਂ ਭਾਂਡੇ ਮਾਂਜ ਸਕਦੇ ਹੋ, ਚੌਕੀਦਾਰੀ ਕਰ ਸਕਦੇ ਹੋ, ਸਫ਼ਾਈ ਕਰ ਸਕਦੇ ਹੋ ਜਾਂ ਖੇਤਾਂ ‘ਚ ਕੰਮ ਕਰ ਸਕਦੇ ਹੋ ਤਾਂ ਏਥੇ ਆਉਣ ਬਾਰੇ ਸੋਚਣਾ । ਜੇ ਆਉਣ ਬਾਰੇ ਸੋਚ ਲਿਆ ਤਾਂ ਆਪਣਾ ਬਿਜ਼ਨਿਸ ਛੱਡ ਕੇ ਰੁਲਦੂ ਦੇ ਢਾਬੇ ਤੋਂ ਭਾਂਡੇ ਧੋਣ ਜਾਂ ਆਪਣੇ ਸ਼ਹਿਰ ਦੀ ਕਮੇਟੀ ‘ਚੋਂ ਸਫ਼ਾਈ ਕਰਨ ਦਾ ਤਜ਼ਰਬਾ ਲੈ ਕੇ ਹੀ ਆਉਣਾ । ਨਾਲ਼ ਹੀ ਸ਼ਹਿਰ ਦੇ ਮਜ਼ਦੂਰਾਂ ਵਾਲੇ ਅੱਡੇ ਤੇ ਜਾ ਕੇ ਖੜ੍ਹਨਾ ਤਾਂ ਜੋ ਮਜ਼ਦੂਰੀ ਕਰਨ ਦਾ ਵੀ ਤਜ਼ਰਬਾ ਮਿਲ ਸਕੇ ਜਾਂ ਰਾਤ ਨੂੰ “ਜਾਗਤੇ ਰਹੋ” ਕਰਨ ਵਾਲਿਆਂ ਨੂੰ ਇੱਕ ਸੌ ਇੱਕ ਰੁਪਇਆ, ਨਾਰੀਅਲ, ਬਰਫ਼ੀ ਦਾ ਡੱਬਾ ਤੇ ਤੌਲੀਆ ਦੇ ਕੇ ਗੁਰੂ ਧਾਰ ਲੈਣਾ ਤਾਂ ਜੋ ਚੌਕੀਦਾਰੀ ਕਰਨ ਦੇ ਗੁਰ ਤੁਹਾਨੂੰ ਦੇ ਸਕੇ ।”
ਅਖੀਰਲਾ ਕੰਮ ਰਹਿ ਗਿਆ ਖੇਤਾਂ ਦਾ । ਆਉਣ ਤੋਂ ਪਹਿਲਾਂ ਕਿਸੇ ਅਜਿਹੇ ਯਾਰ-ਦੋਸਤ ਨਾਲ ਜ਼ਰੂਰ ਰਾਬਤਾ ਕਾਇਮ ਕਰ ਲਵੋ, ਜੋ ਤੁਹਾਨੂੰ ਖੇਤਾਂ ‘ਚ ਕੰਮ ਦਿਵਾ ਸਕੇ । ਯਕੀਨ ਮੰਨਣਾ ਕਿ ਇਹ ਕੰਮ ਕਰਨਾ ਖਾਲਾ ਜੀ ਦਾ ਵਾੜਾ ਨਹੀਂ । ਜੇਕਰ ਸੀਜ਼ਨ ਚੰਗਾ ਲੱਗ ਜਾਵੇ ਤਾਂ ਫ਼ੀਸ ਵੀ ਕੱਢ ਸਕਦੇ ਹੋ, ਇਸ ਵਿੱਚ ਕੋਈ ਸ਼ੱਕ ਨਹੀਂ ਹੈ । ਖੇਤਾਂ ‘ਚ ਕੰਮ ਤਾਂ ਮਿਲ ਜਾਂਦਾ ਹੈ, ਪਰ ਇਸ ਤਰ੍ਹਾਂ ਦਾ ਕੰਮ ਮਿਲਦਾ ਵੀ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ । ਖੇਤਾਂ ਦਾ ਕੰਮ ਵੀ ਤਿੰਨ-ਚਾਰ ਦੇ ਗਰੁੱਪ ਨੂੰ ਮਿਲਦਾ ਹੈ, ਇੱਕਲੇ ਬੰਦੇ ਨੂੰ ਨਹੀਂ । ਸਚਾਈ ਤਾਂ ਇਹੀ ਹੈ ਕਿ ਕੰਮ ਦੀ ਕਾਫ਼ੀ ਜਿ਼ਆਦਾ ਤੰਗੀ ਹੈ ।
ਹੋਰ ਤਾਂ ਕਿਸੇ ਦੀ ਨਿਗ੍ਹਾ ‘ਚ ਕੋਈ ਕੰਮ ਆ ਵੀ ਜਾਵੇ ਤਾਂ ਉਹ ਪਾਰਟ-ਟਾਈਮ ਲਾ ਕੇ ਆਪ ਹੀ ਕਰਨਾ ਚਾਹੁੰਦਾ ਹੈ । ਕੀ ਕਹਿਣਾ ਜੇ ਕੋਈ ਰੱਬ ਦਾ ਪਿਆਰਾ ਤੁਹਾਨੂੰ ਮਿਲ ਜਾਵੇ ਜੋ ਤੁਹਾਡੀ ਮੱਦਦ ਕਰ ਦੇਵੇ, ਨਹੀਂ ਤਾਂ ਨਾ ਕਿਸੇ ਕੋਲ ਟਾਈਮ ਹੈ ਨਾ ਹੀ ਕੋਈ ਕੁਝ ਕਰ ਸਕਦਾ ਹੈ । ਆਉਣ ਵਾਲਿਆਂ / ਵਿਦਿਆਰਥੀਆਂ ਦੇ ਦੁੱਖ ਦੋ-ਚਹੁੰ ਲੇਖਾਂ ‘ਚ ਵੀ ਬਿਆਨ ਨਹੀਂ ਕਰ ਸਕਦਾ, ਬਸ ਮਹਿਸੂਸ ਹੀ ਕਰ ਸਕਦਾ ਹਾਂ । ਹੁਣ ਏਨੀ ਤਫਸੀਲ ‘ਚ ਜਾਣਕਾਰੀ ਦੇਣ ਦੇ ਬਾਵਜੂਦ, ਜੇਕਰ ਅਜੇ ਵੀ ਕੋਈ ਪਾਠਕ ਧੋਖਾ ਖਾ ਜਾਂਦਾ ਹੈ ਤਾਂ “ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਤਾਂ ਹੈ ਹੀ ।”
ਇੱਕ ਹੋਰ ਵੱਖਰਾ ਕੇਸ ਦੇਖਣ ਨੂੰ ਮਿਲਿਆ । ਅੰਮ੍ਰਿਤਸਰੀ ਵੀਰ ਆਪਣੇ ਜਮਾਤੀ ਨੂੰ ਫੋਨ ਕਰ ਰਿਹਾ ਸੀ ।
“ਮੈਂ ਤਾਂ ਅਗਲੇ ਸਮੈਸਟਰ ਡਿਪਲੋਮਾ ਤੇ ਕਾਲਜ ਬਦਲ ਲੈਣਾ ਹੈ ।”
“ਕਿਹੜੇ ਕਾਲਜ ਜਾਣ ਦਾ ਵਿਚਾਰ ਹੈ ?”
“......... ਕਾਲਜ”
“ਉਹ ਤਾਂ ਗੋਰਿਆਂ ਦਾ ਕਾਲਜ ਹੈ, ਉੱਥੇ ਜਾ ਕੇ ਕੀ ਕਰਨਾ ?”
“ਯਾਰ ਜੇ ਕੋਈ ਗੋਰੀ ‘ਟਿਕ’ ਗਈ ਤਾਂ ਛੇਤੀ ਪੱਕੇ ਹੋ ਜਾਵਾਂਗੇ, ਮੁੜ ਪੜ੍ਹਨ ਦੀ ਲੋੜ ਹੀ ਨਹੀਂ ।”
“ਤੇ ਘਰ ਦੇ ?”
“ਘਰ ਦਿਆਂ ਨੂੰ ਸਾਰੀ ਗੱਲ ਸਮਝਾਈ ਹੋਈ ਹੈ ।”
ਕੱਲੇ ਇਸ ਵੀਰ ਦੀ ਹੀ ਨਹੀਂ ਸਗੋਂ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਦੀ ਅਜਿਹੀ ਹੀ ਸੋਚ ਹੈ, ਜਦ ਕਿ ਗੋਰੀਆਂ ਕਿਸੇ ਨੂੰ ਘਾਹ ਵੀ ਨਹੀਂ ਪਾਉਂਦੀਆਂ । ਸ਼ਾਇਦ ਉਹਨਾਂ ਦੇ ਖੁੱਲੇ-ਡੁੱਲੇ ਸੁਭਾਅ ਤੇ ਪਹਿਰਾਵੇ ਕਾਰਨ ਉਹਨਾਂ ਤੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ । ਪਰ ਯਾਰੋ, ਇਹ ਉਹਨਾਂ ਦਾ ਆਪਣਾ ਸੱਭਿਆਚਾਰ ਹੈ, ਐਵੇਂ ਨਾ ਕਿਸੇ ਭੁਲੇਖੇ ‘ਚ ਆਪਣੀ ਮਿੱਟੀ ਪਲੀਦ ਕਰਵਾ ਬੈਠਣਾ ।
ਜਾਂਦਿਆਂ-ਜਾਂਦਿਆਂ ਇੱਕ ਹਾਸੇ ਵਾਲੀ ਗੱਲ ਵੀ ਦੱਸ ਹੀ ਦਿਆਂ । ਵੱਡੀ ਬੇਟੀ ਤਨੀਸ਼ਾ ਨੇ ਫੋਨ ਤੇ ਪੁੱਛਿਆ “ਪਾਪਾ, ਤੁਸੀਂ ਪੁੱਠੇ ਕਿਵੇਂ ਤੁਰਦੇ ਫਿਰਦੇ ਹੋ ।”
“ਪੁੱਠੇ ਕਿਵੇਂ ਬੇਟਾ ? ਸਮਝ ਨਹੀਂ ਆਈ ।”
“ਪ੍ਰੇਮ ਚਾਚੂ ਨੇ ਗਲੋਬ ਤੇ ਆਸਟ੍ਰੇਲੀਆ ਦਿਖਾਇਆ ਸੀ । ਇੰਡੀਆ ਉੱਪਰ ਹੈ ਤੇ ਆਸਟ੍ਰੇਲੀਆ ਥੱਲੇ ਵਾਲੇ ਪਾਸੇ । ਤੁਸੀਂ ਡਿੱਗਦੇ ਨਹੀਂ ?”
ਗੱਲ ਸਮਝ ਆਈ ਤਾਂ ਹੱਸ-ਹੱਸ ਦੂਹਰੇ ਹੋ ਗਏ । ਬਾਅਦ ਵਿੱਚ ਜਦੋਂ ਇਸ ਗੱਲ ਤੇ ਡੂੰਘਾਈ ਨਾਲ ਸੋਚਿਆ ਤਾਂ ਇੱਕ ਹੋਰ ਗੱਲ ਟੈਂਸ਼ਨ ਪੈਦਾ ਕਰਨ ਵਾਲੀ ਦਿਮਾਗ ਵਿੱਚ ਆਈ ਕਿ ਜੇਕਰ ਸੱਚਮੁੱਚ ਇੰਝ ਹੀ ਹੁੰਦਾ ਤਾਂ ਸਿਰ ਪਰਨੇ ਜਾ ਵੱਜਣਾ ਸੀ । ਗੋਰੇ ਵਾਕਈ ਬੜੇ ਸਿਆਣੇ ਹੋਣ ਕਰਕੇ ਗੋਰੀਆਂ ਸਾੜ੍ਹੀਆਂ ਨਹੀਂ ਪਹਿਨਦੀਆਂ । ਚੱਤੋ-ਪਹਿਰ ਪੁੱਠੇ ਤੁਰੇ ਫਿਰਦੇ ਹਾਂ । ਜੇ ਕਦੇ ਧਰਤੀ ਦੀ ਗਰੂਤਾ ਸ਼ਕਤੀ ‘ਚ ਮਾੜਾ ਮੋਟਾ ਫ਼ਰਕ ਪੈ ਗਿਆ ਤਾਂ ਪੈਂਟ ਤਾਂ ਫੇਰ ਗੋਡਿਆਂ ਤੱਕ ਹੀ ਸਰਕੇਗੀ ਤੇ ਸਾੜ੍ਹੀ......?????

Print this post

2 comments:

ਜਾਗੋ said...

22g likhde te tusi wadhiya o par masla eh a k thode article kafi lame hunde ne jis karke ...bande lai aina time kadna muskil hunda a

Dr Parveen Kumar Gupta,FDK,India said...

Hello ! Recently I have been to half of the world. Every where there are same problems with the Indians. Anyhow, keep on writing.Your essays are quite interesting and true. With a very Happy New Year ,
Yours sincerely,
Dr Parveen K Gupta