ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ

ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ ਲਘੂ ਉਦਯੋਗ ਤੋਂ ਲੈ ਕੇ ਬਹੁ-ਰਾਸ਼ਟਰੀ ਕੰਪਨੀਆਂ ਤੱਕ ਸਭ ਤੇ ਪਿਆ ਹੈ । ਜਿਸ ਕਾਰੋਬਾਰ ਬਾਰੇ ਜਿ਼ਕਰ ਕਰਨ ਜਾ ਰਿਹਾ ਹਾਂ, ਉਹ ਅਜੋਕੀ ਮੰਦੀ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਹੀ ਨਿਘਾਰ ਵੱਲ ਤੁਰ ਪਿਆ ਸੀ । ਕਰੀਬ ਪੰਦਰਾਂ ਸਾਲ ਪਹਿਲਾਂ ਆੜ੍ਹਤ ਦੇ ਕਾਰੋਬਾਰ ਦਾ ਬੜਾ ਬੋਲ-ਬਾਲਾ ਸੀ । ਛੋਟੀ ਤੋਂ ਛੋਟੀ ਮੰਡੀ ਵਿੱਚ ਵੀ ਕਈ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਉਸ ਸਮੇਂ ਕੋਟਕਪੂਰਾ (ਪੰਜਾਬ) ਏਸ਼ੀਆ ਦਾ, ਰੂੰ ਦੇ ਕਾਰੋਬਾਰ ਵਿੱਚ ਸਭ ਤੋਂ ਵੱਡਾ ਵਪਾਰਿਕ ਅਦਾਰਾ ਮੰਨਿਆ ਜਾਂਦਾ ਸੀ । ਗਲੀਆਂ ਵਿੱਚ ਨਰਮੇ ਤੇ ਕਪਾਹ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ । ਏਨਾਂ ਰਸ਼ ਹੁੰਦਾ ਸੀ ਕਿ ਟਰੈਕਟਰ, ਕਾਰ ਤਾਂ ਛੱਡੋ, ਸਕੂਟਰ ਲੈ ਕੇ ਨਿੱਕਲਣਾ ਵੀ ਮੁਸ਼ਕਿਲ ਹੁੰਦਾ ਸੀ । ਕਿਸਾਨਾਂ ਨੂੰ ਅੱਠ-ਦਸ ਦਿਨ ਮੰਡੀ ਵਿੱਚ ਹੀ ਰਹਿਣਾ ਪੈਂਦਾ ਸੀ, ਕਿਉਂ ਜੋ ਪਹਿਲੀ ਗੱਲ ਤਾਂ ਜਲਦੀ ਫਸਲ ਵਿਕਦੀ ਹੀ ਨਹੀਂ ਸੀ ਤੇ ਜੇ ਵਿਕ ਜਾਂਦੀ ਤਾਂ ਤੁਲਦੀ ਨਹੀਂ ਸੀ । ਮੰਡੀ ਵਿੱਚ ਰਹਿਣ ਦੀ ਤੰਗੀ ਭਾਵੇਂ ਕਿੰਨੀ ਵੀ ਸੀ ਪਰ ਲੱਗਦਾ ਹੈ ਕਿ ਨਰਮੇ ਦੇ ਵੱਡੇ ਸਾਰੇ ਢੇਰ ਤੇ ਬੈਠ ਕੇ ਘਰੋਂ ਲਿਆਂਦੀ ਰੋਟੀ ਖਾਣ ਦਾ ਆਪਣਾ ਹੀ ਸੁਆਦ ਸੀ । ਸ਼ਾਮ ਨੂੰ ਕਿਸਾਨ, ਨਾਲ਼ ਦੀਆਂ ਢੇਰੀਆਂ ਵਾਲਿਆਂ ਨਾਲ਼ ਜੁੰਡਲੀ ਬਣਾ ਕੇ ਗਿਲਾਸੀ ਭਿੜਾਉਂਦੇ ਸਨ ਤੇ ਮੁੜ ਆੜ੍ਹਤੀਆਂ ਦੀਆਂ ਦਿੱਤੀਆਂ ਮੁਸ਼ਕੀਆਂ ਰਜਾਈਆਂ ਸਿਰ ਤੀਕ ਲੈ ਕੇ ਘੁਰਾੜੇ ਇਉਂ ਮਾਰਦੇ ਜਿਕੂੰ ਆਰਾ ਚੱਲਦਾ ਹੋਵੇ । ਸਾਰੀ ਦਿਹਾੜੀ ਮੂੰਗਫਲੀਆਂ ਖਾਂਦਿਆਂ, ਨਿੱਘੀ ਧੁੱਪ ਦਾ ਨਿੱਘ ਮਾਣਦਿਆਂ ਤੇ ਮੁਨੀਮ ਦੇ ਮਗਰ ਗੇੜੇ ਮਾਰਦਿਆਂ ਨਿੱਕਲ ਜਾਂਦੀ ਤੇ ਸਰਦ ਰਾਤ ਨਰਮੇ ਦੀ ਢੇਰੀ ਉੱਤੇ ।

ਮੰਡੀ ਵਿੱਚ ਬੜੀ ਕਿਸਮ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ । ਸਭ ਤੋਂ ਪਹਿਲਾਂ ਤਾਂ ਆੜ੍ਹਤੀਏ, ਜਿਨਾਂ ਨੂੰ ਕੱਚਾ ਆੜ੍ਹਤੀਆ ਵੀ ਕਿਹਾ ਜਾਂਦਾ ਹੈ । ਇਹਨਾਂ ਦਾ ਕੰਮ ਕਿਸਾਨ ਤੇ ਖਰੀਦਦਾਰ ਵਿੱਚ ਫਸਲ ਦਾ ਭਾਅ ਤੈਅ ਕਰਵਾਉਣਾ ਹੁੰਦਾ ਹੈ । ਟਰਾਲੀ ਮੰਡੀ ਵਿੱਚ ਆਉਣ ਤੋਂ ਬਾਦ ਫਸਲ ਦੀ ਤੁਲਾਈ ਤੱਕ ਸਾਂਭ ਸੰਭਾਲ ਕਰਨਾ ਆੜ੍ਹਤੀਏ ਦੀ ਜਿੰਮੇਵਾਰੀ ਹੁੰਦੀ ਹੈ । ਵੱਖ-ਵੱਖ ਖਰੀਦਦਾਰਾਂ ਨੂੰ ਫਸਲ ਵਿਕਰੀ ਲਈ ਦਿਖਾਉਣਾ, ਮੌਸਮ ਖਰਾਬ ਹੋਣ ਦੇ ਹਾਲਾਤਾਂ ਵਿੱਚ ਫਸਲ ਢਕਣਾ ਆਦਿ ਕੰਮ ਆੜ੍ਹਤੀਏ ਦੇ ਮੁਲਾਜ਼ਮ ਕਰਦੇ ਹਨ । ਫਸਲ ਤਾਂ ਹਾੜੀ-ਸਾਉਣੀ ਆਉਂਦੀ ਹੈ । ਇਨ੍ਹਾਂ ਦਿਨਾਂ ਵਿੱਚ ਕਿਸਾਨ ਵੀ ਸ਼ਾਹੂਕਾਰ ਹੁੰਦਾ ਹੈ । ਇਸ ਤੋਂ ਬਿਨਾਂ ਸਾਰਾ ਸਾਲ ਕਿਸਾਨ ਦੀਆਂ ਘਰੇਲੂ ਤੇ ਫਸਲ ਪਾਲਣ ਲਈ ਆਰਥਿਕ ਜ਼ਰੂਰਤਾਂ ਆੜ੍ਹਤੀਆ ਹੀ ਪੂਰੀਆਂ ਕਰਦਾ ਹੈ । ਆੜ੍ਹਤੀਏ ਦੀ ਆਮਦਨ ਦਾ ਜ਼ਰੀਆ ਕਿਸਾਨ ਨੂੰ ਦਿੱਤੇ ਗਏ ਰੁਪਏ ‘ਤੇ ਵਿਆਜ ਅਤੇ ਵਿਕੀ ਹੋਈ ਫਸਲ ਤੇ ਖਰੀਦਦਾਰ ਕੋਲੋਂ ਲਈ ਗਈ ਦਾਮੀ (ਕਮਿਸ਼ਨ) ਹੁੰਦੀ ਹੈ । ਆੜ੍ਹਤੀਏ ਤੇ ਕਿਸਾਨ ਦਾ ਰਿਸ਼ਤਾ ਨਹੁੰ-ਮਾਸ ਵਾਲਾ ਮੰਨਿਆ ਜਾਂਦਾ ਸੀ । ਦੋਹੇਂ ਇੱਕ ਦੂਜੇ ਦੇ ਪੂਰਕ ਹੁੰਦੇ ਸਨ । ਜਿਵੇਂ ਕਿਸੇ ਸ਼ਾਇਰ ਨੇ ਕਿਹਾ ਸੀ,

ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ

ਦੋਹੇਂ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ । ਜਦੋਂ ਕਿਤੇ ਆੜ੍ਹਤੀ ਕਿਸਾਨ ਦੇ ਪਿੰਡ ਚਲਿਆ ਜਾਂਦਾ ਸੀ ਤਾਂ ਰੋਟੀ ਤੇ ਲੱਸੀ ਨਾਲ ਉਸਦੀ ਆਓ-ਭਗਤ ਕੀਤੀ ਜਾਂਦੀ ਸੀ । ਪੋਲੀ ਗੱਦੀ ਤੇ ਬੈਠਣ ਦਾ ਗਿੱਝਿਆ ਆੜ੍ਹਤੀਆ, ਵਾਣ ਵਾਲੇ ਮੰਜੇ ਤੇ ਲੱਤਾਂ ਨਿਸਾਰ ਕੇ ਬੈਠਾ ਵੀ ਏਨਾ ਮਾਣ ਮਹਿਸੂਸ ਕਰਦਾ ਸੀ ਜਿਵੇਂ ਆਪਣੇ ਘਰ ਬੈਠਾ ਹੋਵੇ ਤੇ ਕਿਸਾਨ ਵੀ ਸੀਰੀ ਨੂੰ ‘ਵਾਜ ਮਾਰਨ ਦੀ ਬਜਾਏ ਅੰਦਰੋਂ ਕੰਗਣੀ ਵਾਲੇ ਗਿਲਾਸ ਵਿੱਚ ਪਾਣੀ ਖੁਦ ਲੈ ਕੇ ਆਉਂਦਾ ਸੀ । ਨਾਲ਼ ਹੀ ਕਦੇ-ਕਦੇ ਉਨ੍ਹਾਂ ਨਿਆਣਿਆਂ ਨੂੰ ਵੀ ਲਲਕਰਾ ਮਾਰ ਦਿੰਦਾ ਸੀ ਜੋ ਘਰ ਦੇ ਦਰਵਾਜ਼ੇ ਵਿੱਚ ਖੜੇ ਆੜ੍ਹਤੀਏ ਦੇ “ਰਾਜਦੂਤ/ਯਜਦੀ” ਮੋਟਰਸਾਇਕਲ ਜਾਂ ਟੇਢਾ ਕਰਕੇ ਸਟਾਰਟ ਹੋਣ ਵਾਲੇ ਪੁਰਾਣੇ ਬਦਰੰਗ ਸਕੂਟਰ ਨਾਲ਼ ਛੇੜਖਾਨੀ ਕਰਦੇ ਸਨ । ਨਿਆਣੇ ਵੀ ਖੜੇ ਸਕੂਟਰ ਦੀਆਂ ਰੇਸਾਂ ਮਰੋੜੀ ਜਾਂਦੇ ਜਾਂ ਗੇਅਰ ਬਦਲ-ਬਦਲ ਕੇ ਵੇਖੀ ਜਾਂਦੇ ਤੇ ਕਲੱਚ ਤੇ ਬਰੇਕ ਨੱਪ-ਨੱਪ ਕੇ ਤਾਰਾਂ ਢਿੱਲੀਆਂ ਕਰ ਦਿੰਦੇ । “ਵਿਹੜੇ” ਵਾਲੇ ਜੁਆਕਾਂ ਲਈ ਮਤੇ ਇਹ ਅਲੋਕਾਰ ਚੀਜ਼ ਹੁੰਦੀ ਸੀ । ਆੜ੍ਹਤੀ ਉਮਰ ਵਿੱਚ ਭਾਵੇਂ ਛੋਟਾ ਹੁੰਦਾ ਜਾਂ ਵੱਡਾ, ਕਿਸਾਨ ਦੀ “ਸ਼ਾਹ ਜੀ- ਸ਼ਾਹ ਜੀ” ਕਹਿੰਦਿਆਂ ਜ਼ੁਬਾਨ ਨਾ ਥੱਕਦੀ । ਜੇ ਕਦੇ ਸ਼ਾਹ ਜੀ ਦਾ ਸਕੂਲ ਜਾਂ ਕਾਲਜ ਪੜ੍ਹਦਾ ਮੁੰਡਾ ਆ ਜਾਂਦਾ ਤਾਂ ਉਸਨੂੰ “ਛੋਟੇ ਸ਼ਾਹ ਜੀ” ਦੀ ਉਪਾਧੀ ਮਿਲ ਜਾਂਦੀ ।

ਹੁਣ ਤਾਂ ਹਾਲਾਤ ਹੀ ਬਦਲ ਗਏ ਨੇ । ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ । ਸੇਮ, ਸੁੰਡੀਆਂ ਤੇ ਮੌਸਮ ਦੀ ਮਾਰ ਹੇਠ ਆਈ ਕਿਰਸਾਨੀ, ਕਰਜਿ਼ਆਂ ਦੇ ਭਾਰ ਹੇਠਾਂ ਬੁਰੀ ਤਰ੍ਹਾਂ ਕੁਚਲੀ ਜਾ ਰਹੀ ਹੈ । ਨਕਲੀ ਦਵਾਈਆਂ, ਮਾੜੀਆਂ ਖਾਦਾਂ, ਫਸਲੀ ਚੱਕਰ ਤੇ ਧਰਤੀ ਦੀ ਘਟਦੀ ਉਪਜਾਊ ਸ਼ਕਤੀ ਕਾਰਨ ਫਸਲਾਂ ਜਿ਼ਆਦਾ ਮੁਨਾਫਾ ਨਹੀਂ ਦੇ ਰਹੀਆਂ । ਵਧਦੀ ਮਹਿੰਗਾਈ ਕਿਸਾਨ ਤਾਂ ਕੀ, ਹਰ ਤਬਕੇ ਦਾ ਲੱਕ ਤੋੜ ਰਹੀ ਹੈ । ਵਿਆਹਾਂ ਸ਼ਾਦੀਆਂ ਵਿੱਚ ਜ਼ਰੂਰਤ ਤੋਂ ਜਿ਼ਆਦਾ ਖ਼ਰਚ ਵੀ ਕਿਸਾਨ ਦੇ ਪਤਨ ਦਾ ਕਾਰਨ ਬਣ ਰਹੇ ਹਨ । ਜੇ ਵਿਆਹ ਵਿੱਚ “ਮਾਰੂਤੀ” ‘ਤੇ ਫੁਲਕਾਰੀ ਪਾਈ ਨਜ਼ਰ ਨਾ ਆਵੇ ਤਾਂ ਵਿਆਹ ਕਰਨ ਵਾਲੇ ਤੇ ਕਰਵਾਉਣ ਵਾਲੇ, ਕਿਸੇ ਨੂੰ ਸੁਆਦ ਨਹੀਂ ਆਉਂਦਾ । ਜੋ ਕਿਸਾਨ ਕਰਜਿ਼ਆਂ ਦੇ ਭਾਰ ਹੇਠ ਜਿ਼ਆਦਾ ਹੀ ਦੱਬੇ ਜਾਂਦੇ ਹਨ, ਉਨ੍ਹਾਂ ਨੂੰ ਮੁਸੀਬਤਾਂ ਤੋਂ ਖਹਿੜਾ ਛੁਡਾਉਣ ਲਈ ਖੁਦਕਸ਼ੀ ਤੋਂ ਸੌਖਾ ਰਾਹ ਨਜ਼ਰ ਨਹੀਂ ਆਉਂਦਾ । ਕਿੰਨੇ ਅਫਸੋਸ ਵਾਲੀ ਗੱਲ ਹੈ ਕਿ ਖੁਦਕਸ਼ੀ ਕਰਨੀ ਸੌਖੀ ਲੱਗਦੀ ਹੈ ਪਰ ਕਰਜ਼ੇ ਦਾ ਬੋਝ ਘਟਾਉਣ ਲਈ ਖ਼ਰਚ ਘੱਟ ਕਰਨੇ ਔਖੇ । ਕਈ ਕਿਸਾਨਾਂ ਦੀ ਸੋਚ ਹੈ ਕਿ “ਲਹਿਣਗੇ ਤਾਂ ਲਹਿਣਗੇ, ਨਹੀਂ ਤਾਂ ਵਹੀਆਂ ਨਾਲ ਖਹਿਣਗੇ ।” ਕਰਜ਼ਾ ਚਾਹੇ ਬੈਂਕ ਦੇ ਰਿਹਾ ਹੈ ਜਾਂ ਆੜ੍ਹਤੀਆ, ਇਹ ਕਰਜ਼ਦਾਰ ਨੂੰ ਦਿੱਤੀ ਜਾ ਰਹੀ ਇੱਕ ਸਹੂਲਤ ਹੈ, ਜਿਸ ਨਾਲ਼ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਨਾ ਕਿ ਉਸਦਾ ਅਧਿਕਾਰ, ਜਿਸਨੂੰ ਉਹ ਕਾਠ ਮਾਰ ਕੇ ਬੈਠ ਜਾਵੇ । ਪਿਛਲੇ ਦਿਨੀਂ ਇੰਟਰਨੈੱਟ ‘ਤੇ ਪੰਜਾਬ ਦੀ ਪ੍ਰਮੁੱਖ ਪੰਜਾਬੀ ਅਖ਼ਬਾਰ ਵਿੱਚ ਇੱਕ ਖਬਰ ਪੜ੍ਹ ਰਿਹਾ ਸਾਂ ਕਿ “ਬੈਂਕ ਵੱਲੋਂ ਘਰ ਦੀ ਕੁਰਕੀ ਕਰਨ ਤੇ ਮਕਾਨ ਮਾਲਕ ਵੱਲੋਂ ਖੁਦਕਸ਼ੀ ਕੀਤੀ ਗਈ ।” ਇਸ ਖਬਰ ਮੁਤਾਬਿਕ ਉਸ ਸਖ਼ਸ਼ ਨੇ ਖੁਦਕਸ਼ੀ ਨੋਟ ਵਿੱਚ ਬੈਂਕ ਮੈਨੇਜਰ ਤੇ ਮਕਾਨ ਦੇ ਖਰੀਦਦਾਰ ਉੱਪਰ ਜ਼ਬਰਦਸਤੀ ਦਾ ਦੋਸ਼ ਲਾਇਆ ਸੀ । ਜਦ ਕਿ ਇਸ ਕੁਰਕੀ ਬਾਰੇ ਬੈਂਕ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ । ਅਸਲ ਗੱਲ ਕੀ ਹੈ, ਉਹ ਤਾਂ ਸਬੰਧਿਤ ਧਿਰਾਂ ਨੂੰ ਹੀ ਪਤਾ ਹੋਵੇਗਾ ਪਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਜੇਕਰ ਕੋਈ ਵੀ ਕਰਜ਼ਦਾਰ ਸਮੇਂ ਸਿਰ ਆਪਣੇ ਕਰਜ਼ੇ ਦੀ ਅਦਾਇਗੀ ਕਰੇ ਤਾਂ ਕੀ ਕਰਜ਼ਾ ਲੈਣ ਤੇ ਦੇਣ ਵਾਲੇ ਵਿੱਚ ਕੋਈ ਫਿੱਕ ਪਏਗੀ ? ਸ਼ਾਇਦ ਨਹੀਂ । ਇਹ ਨਹੀਂ ਕਿ ਸਿਰਫ਼ ਪੰਜਾਬ ਵਿੱਚ ਹੀ ਕਈ ਕਰਜ਼ਦਾਰਾਂ ਦੀ ਅਜਿਹੀ ਸੋਚ ਹੈ, ਆਸਟ੍ਰੇਲੀਆ ਵਿੱਚ ਵੀ ਇੱਕ ਅਜਿਹੀ ਮਹਾਨ ਹਸਤੀ ਨੂੰ ਮਿਲਣ ਦਾ ਮੌਕਾ ਮਿਲਿਆ । ਜਨਾਬ ਹੋਰਾਂ ਦੀ ਤਨਖਾਹ 2500 ਡਾਲਰ ਪ੍ਰਤੀ ਮਹੀਨਾ ਹੈ ਤੇ ਤਿੰਨ ਕ੍ਰੈਡਿਟ ਕਾਰਡ ਬਣਵਾ ਕੇ 50000 ਡਾਲਰ ਕਰਜ਼ਾ ਚੁੱਕਿਆ ਹੋਇਆ ਹੈ । ਸੋਚ ਕੀ ਹੈ ? ਆਪਾਂ ਕਿਹੜਾ ਵਾਪਸ ਕਰਨੇ ਹਨ । ਹੁਣ ਦੱਸੋ ! ਜੇਕਰ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਸਖ਼ਤੀ ਕਰਨਗੀਆਂ ਤਾਂ ਉਹ ਮਾੜੀਆਂ ਹਨ ? ਇਹੀ ਹਾਲਾਤ ਕਿਸਾਨ ਤੇ ਆੜ੍ਹਤੀਏ ਦੇ ਹਨ । ਜੇਕਰ ਕਿਸਾਨ ਕਰਜੇ਼ ਦੀ ਅਦਾਇਗੀ ਹੀ ਨਹੀਂ ਕਰੇਗਾ ਤਾਂ ਆੜ੍ਹਤੀਏ ਦਾ ਕਾਰੋਬਾਰ ਕਿੱਦਾਂ ਚੱਲੇਗਾ । ਗੱਲ ਮੁੱਕਦੀ ਕਿਦਾਂ ਹੈ ? ਵਿਆਜ ਤੇ ਵਿਆਜ, ਕਰਜ਼ੇ ਤੋਂ ਕਰਜ਼ੇ ਦੀ ਪੰਡ, ਪੁਲਿਸ-ਕਚਿਹਰੀ, ਕੁਰਕੀ, ਧਰਨੇ-ਮੁਜ਼ਾਹਰੇ, ਰਾਜਨੀਤੀ, ਅਖ਼ਬਾਰਾਂ ਵਿੱਚ ਦੋਹਾਂ ਦੀ ਤੋਏ-ਤੋਏ ਤੇ ਅੰਤ ਖੁਦਕਸ਼ੀ । ਕਿਸਾਨ ਤੇ ਕਿਰਸਾਨੀ ਦੇ ਹਾਲਤਾਂ ਬਾਰੇ ਤਾਂ ਸਭ ਨੂੰ ਪਤਾ ਵੀ ਹੈ ਤੇ ਨਿੱਤ ਦਿਹਾੜੀ ਅਖ਼ਬਾਰਾਂ ਵਿੱਚ ਪੜ੍ਹਦੇ ਵੀ ਹਾਂ ਪਰ ਆੜ੍ਹਤੀਏ ਦੇ ਪੱਖ ਤੋਂ ਜੋ ਗੱਲਾਂ ਮਹਿਸੂਸ ਹੁੰਦੀਆਂ ਹਨ, ਉਹ ਇਹ ਹਨ ਕਿ ਜੇਕਰ ਉਹ ਵਿਆਜ ਲੈਂਦੇ ਹਨ ਤਾਂ ਆਪਣੇ ਦਿੱਤੇ ਗਏ ਰੁਪਏ ਉੱਪਰ ਤੇ ਜੋ ਕਮਿਸ਼ਨ ਲੈਂਦੇ ਹਨ ਉਹ ਕਿਸਾਨ ਤੋਂ ਨਹੀਂ । ਸੋ ਜੇਕਰ ਉਹ ਆਪਣੇ ਦਿੱਤੇ ਗਏ ਰੁਪਏ ਦੀ ਵਸੂਲੀ ਲਈ ਸਖ਼ਤੀ ਕਰਦੇ ਹਨ ਤਾਂ ਗ਼ਲਤ ਕਿੱਥੇ ਹਨ ? ਅਗਲੀ ਗੱਲ ਇਹ ਹੈ ਕਿ ਵੱਡੇ ਜਿ਼ਮੀਦਾਰ ਪਿੰਡਾਂ ਵਿੱਚ ਜੋ ਰੁਪਇਆ ਕਰਜ਼ ਵਜੋਂ ਦਿੰਦੇ ਹਨ, ਉਸਦੀ ਵਿਆਜ ਦਰ ਆੜ੍ਹਤੀਏ ਤੋਂ ਕਾਫ਼ੀ ਜਿ਼ਆਦਾ ਹੁੰਦੀ ਹੈ ਤੇ ਕਈ ਲੋਕ ਆਪਣੇ ਸੀਰੀਆਂ ਦਾ ਸੋ਼ਸ਼ਣ ਕਰਦੇ ਹਨ, ਮੰਦਾ ਬੋਲਦੇ ਹਨ, ਉਹ ਸਭ ਪਰਦੇ ਦੇ ਪਿੱਛੇ ਹੈ । ਲੋੜ ਅਜਿਹੇ ਲੋਕਾਂ ਤੇ ਨਕੇਲ ਪਾਉਣ ਦੀ ਵੀ ਹੈ । ਮੁਆਫ਼ ਕਰਨਾ, ਸ਼ਾਇਦ ਵਿਸ਼ੇ ਤੋਂ ਥੋੜਾ ਭਟਕ ਗਿਆ ਪਰ ਇਹ ਵੀ ਇਸੇ ਤਸਵੀਰ ਦਾ ਦੂਜਾ ਰੁਖ਼ ਹੈ ।

ਮੰਡੀ ਵਿੱਚ ਰੋਜ਼ਗਾਰ ਪਾਉਣ ਵਾਲੇ ਲੋਕਾਂ ਦੀ ਅਗਲੀ ਕਿਸਮ ਮੁਨੀਮ ਹੁੰਦੇ ਹਨ । ਇਹ “ਪੋਸਟ” ਪੰਜਾਬੀਆਂ ਨੂੰ ਬਹੁਤ ਘੱਟ ਮਿਲਦੀ ਸੀ, ਕਿਉਂ ਜੋ ਉਨ੍ਹਾਂ ਨੂੰ ਸ਼ਾਮ ਵੇਲੇ ਘਰ ਜਾਣ ਦੀ ਜਲਦੀ ਹੁੰਦੀ ਸੀ ਤੇ ਦੁਪਹਿਰੇ ਰੋਟੀ ਵੀ ਘਰ ਜਾ ਕੇ ਖਾਣਾ ਪਸੰਦ ਕਰਦੇ ਸਨ । ਇਸਦੇ ਉਲਟ ਹਰਿਆਣਾ ਜਾਂ ਰਾਜਸਥਾਨ ਤੋਂ ਆਏ ਮੁਨੀਮਾਂ ਨੂੰ ਕਿਹੜੀ ਝਾਂਜਰਾਂ ਵਾਲੀ ਉਡੀਕਦੀ ਸੀ ? ਉਨ੍ਹਾਂ ਨੂੰ ਸਮੇਂ ਨਾਲ਼ ਕੋਈ ਖਾਸ ਫ਼ਰਕ ਨਹੀਂ ਸੀ ਪੈਂਦਾ ਤੇ ਉਹ ਦੇਰ ਰਾਤ ਤੱਕ ਫਸਲ ਦੀ ਤੁਲਾਈ ਕਰਵਾਉਂਦੇ ਰਹਿੰਦੇ ਸਨ । ਇਸ ਕਰਕੇ ਉਨ੍ਹਾਂ ਨੂੰ ਕਦੀ-ਕਦੀ “ਛਿੱਟ” ਵੀ ਲਾਉਣ ਨੂੰ ਮਿਲ ਜਾਇਆ ਕਰਦੀ ਸੀ । ਮੁਨੀਮਾਂ ਦੀਆਂ ਦੋ ਕਿਸਮਾਂ ਹੁੰਦੀਆਂ ਸਨ । ਪਹਿਲੇ ਤਾਂ ਉਹ ਜੋ ਮੰਡੀ ਵਿੱਚ ਫਸਲ ਨਾਲ਼ ਸੰਬੰਧਿਤ ਕੰਮ ਤੇ ਦੂਜੇ ਉਹ ਜੋ ਦੁਕਾਨਾਂ ਤੇ ਬੈਠ ਕੇ ਵਹੀ-ਖਾਤਿਆਂ ਦਾ ਕੰਮ ਕਰਦੇ ਸਨ । ਆਧੁਨਿਕ ਭਾਸ਼ਾ ਵਿੱਚ ਉਹਨਾਂ ਨੂੰ “ਮੰਡੀ ਕਲਰਕ” ਜਾਂ “ਅਕਾਊਂਟੈਂਟ” ਵੀ ਕਿਹਾ ਜਾ ਸਕਦਾ ਹੈ ਪਰ ਕਹਿੰਦੇ ਸਭ ਮੁਨੀਮ ਹੀ ਹਨ । ਵਹੀ-ਖਾਤਿਆਂ ਵਾਲੇ ਮੁਨੀਮ ਦੀ ਤਾਂ ਵੱਖਰੀ ਹੀ ਟੌਹਰ ਹੁੰਦੀ ਸੀ । ਗ੍ਰਾਹਕ ਤਾਂ ਛੱਡੋ, ਲਾਲਿਆਂ ਨਾਲ਼ ਵੀ ਸਿੱਧੇ ਮੂੰਹ ਗੱਲ ਕਰਨਾ ਉਨ੍ਹਾਂ ਦੀ ਕਿਤਾਬ ਵਿੱਚ ਨਹੀਂ ਸੀ ਲਿਖਿਆ ਹੁੰਦਾ । ਮਾਰਵਾੜੀ ਬਾਣੀਏਂ ਖਾਸ ਤੌਰ ਤੇ ਇਸ ਗੱਦੀ ਦੇ ਹੱਕਦਾਰ ਮੰਨੇ ਜਾਂਦੇ ਸਨ । ਜੇ ਕਦੇ ਹਿਸਾਬ ਕਰਦਿਆਂ ਮਾੜਾ ਜੱਟ ਮੁਨੀਮ ਦੇ ਨੇੜੇ ਹੋ ਜਾਂਦਾ ਤਾਂ “ਬੇ-ਨਹਾਤੇ” ਜੱਟ ‘ਚੋਂ ਆਉਂਦੀ ਮੁਸ਼ਕ ਉਸਨੂੰ ਪ੍ਰੇਸ਼ਾਨ ਕਰ ਦਿੰਦੀ ਸੀ ।

“ਅਰੈ ! ਪੀਛਾ ਨੈਂ ਹੋ ਕਰ ਬੈਠ ਨਾ, ਸਰ ਪੈ ਬੈਠੇਗਾ ਕੇ ?”

ਤੇ ਜੇ ਕੋਈ ਜੱਟ ਕੋਈ ਕਲਮ (ਐਂਟਰੀ) ਦੋਬਾਰਾ ਪੁੱਛ ਲੈਂਦਾ....

“ਈਭੀ ਸੇਠ ਆਜੈਗਾ, ਉਸੀ ਨੈ ਪੂਛ ਲੀਓ । ਮੇਰੇ ਕਨੈਂ ਔਰ ਭੀ ਘਣੈਂ ਕਾਮ ਹਂੈ”

ਗੰਦੀ ਜਿਹੀ ਧੋਤੀ ਵਾਲੇ, ਬੀੜੀ ਪੀਣੇ ਮੁਨੀਮ ਨੂੰ ਕਰੋੜਾਂ ਦੀ ਜ਼ਮੀਨ ਦੇ ਮਾਲਕ ਜੱਟ ਤੇ ਬਹੁ-ਲੱਖੀ ਕਾਰੋਬਾਰ ਦੇ ਮਾਲਕ ਸੇਠ ਤੁੱਛ ਜਾਪਦੇ ਸਨ । ਪਰ ਦੋਹਾਂ ਧਿਰਾਂ ਲਈ ਮੁਨੀਮ ਦੀ “ਓਏ” ਸਹਿਣਾ ਮਜ਼ਬੂਰੀ ਸੀ । ਜੱਟ ਨੂੰ ਤਾਂ ਮੁਨੀਮ ਸਮਝਦਾ ਹੀ ਕੁਝ ਨਹੀਂ ਸੀ ਕਿਉਂ ਜੋ ਉਸ ਤੱਕ ਮੁਨੀਮ ਨੂੰ ਕੋਈ ਗੌਂ ਨਹੀਂ ਸੀ ਤੇ ਆੜ੍ਹਤੀਆ, ਇੱਕ ਤਾਂ ਮੁਨੀਮ ਦੇ ਵਿਆਜ ਲਗਾਉਣ ਦੀ ਕਲਾ ਦਾ ਕਾਇਲ ਹੁੰਦਾ ਸੀ, ਤੇ ਦੂਜੇ ਮੁਨੀਮ ਉਸਦਾ ਰਾਜ਼ਦਾਰ ਵੀ ਹੁੰਦਾ ਸੀ, ਇਸ ਲਈ ਉਹ ਵੀ ਮੁਨੀਮ ਦੇ ਅੱਗੇ ਨਹੀਂ ਬੋਲਦਾ ਸੀ । ਇਨ੍ਹਾਂ ਕਲਾਵਾਂ ਕਰਕੇ ਅੱਜ ਦੇ ਮੰਦੀ ਦੇ ਦੌਰ ਵਿੱਚ ਕਈ ਪੁਰਾਣੇ ਮੁਨੀਮ, ਸੇਠਾਂ ਕੋਲ “ਪੱਕੀਆਂ ਨੌਕਰੀਆਂ” ਤੇ ਲੱਗੇ ਹੋਏ ਹਨ, ਬਾਕੀ ਅੱਜ ਕੰਪਿਊਟਰ ਦਾ ਯੁੱਗ ਹੈ ਤੇ ਜੱਟ ਵੀ ਹਿਸਾਬ ਕਰਨ ਤੋਂ ਪਹਿਲਾਂ ਕੰਪਿਊਟਰ ਤੇ ਵਿਆਜ ਲਗਵਾ ਲੈਂਦਾ ਹੈ ਜਾਂ ਲਗਵਾ ਲੈਣਾ ਚਾਹੀਦਾ ਹੈ ।

ਮੰਡੀ ਵਿੱਚ ਕੰਮ ਕਰਨ ਵਾਲੀ ਅਗਲੀ ਧਿਰ ਮਜ਼ਦੂਰਾਂ ਦੀ ਹੁੰਦੀ ਸੀ । ਜਿਨ੍ਹਾਂ ਨੂੰ ਅੱਗੇ ਕਈ ਕਿਸਮਾਂ ਵਿੱਚ ਵੰਡਿਆ ਜਾਂਦਾ ਸੀ, ਜਿਵੇਂ ਕਿ ਫਸਲ ਦੀ ਤੁਲਾਈ ਕਰਨ ਵਾਲੇ, ਪੱਲੀ ਜਾਂ ਬੋਰੀ ਭਰਨ ਵਾਲੇ, ਕੰਡੇ ਤੋਂ ਪੱਲੀ ਉਤਾਰਨ ਵਾਲੇ ਜਾਂ ਫਸਲ ਦੀ ਸਾਂਭ ਸੰਭਾਲ ਕਰਨ ਵਾਲੇ । ਤੁਲਾਈ ਕਰਨ ਵਾਲਿਆਂ ਨੂੰ “ਤੋਲਾ”, ਪੱਲੀ ਭਰਨ ਵਾਲੇ ਨੂੰ “ਭਰਈਆ” ਤੇ ਪੱਲੀ ਕੰਡੇ ਤੋਂ ਉਤਾਰ ਕੇ ਬੰਨਣ ਵਾਲੇ ਨੂੰ “ਬਨੰਈਆ” ਕਿਹਾ ਜਾਂਦਾ ਸੀ । ਇਹਨਾਂ ਸਭਨਾਂ ਮਜ਼ਦੂਰਾਂ ਨੂੰ ਪ੍ਰਤੀ ਨਗ (ਪੱਲੀ ਜਾਂ ਬੋਰੀ) ਮਜ਼ਦੂਰੀ ਮਿਲਦੀ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰ ਆੜ੍ਹਤੀਏ ਦੇ ਪੱਕੇ ਤੌਰ ਤੇ ਕੰਮ ਕਰਦੇ ਸਨ ਤੇ ਬਾਕੀਆਂ ਨੂੰ ਜੋ ਆੜ੍ਹਤੀਆ ਚਾਹੇ ਬੁਲਾ ਸਕਦਾ ਸੀ । ਸਾਂਭ ਸੰਭਾਈ ਕਰਨ ਵਾਲੇ ਮਜ਼ਦੂਰਾਂ ਨੂੰ ਕਿਸਾਨ ਦੀ ਕੀਤੀ ਗਏ ਸੇਵਾ ਬਦਲੇ ਪੰਜ-ਸੱਤ ਕਿਲੋ ਦਾਣੇ ਜਾਂ ਨਰਮਾ ਆਦਿ ਮਿਲ ਜਾਂਦਾ ਸੀ, ਜੋ ਕਿ ਬਾਅਦ ਵਿੱਚ ਵੇਚ ਕੇ ਪੈਸੇ ਵੰਡ ਲਏ ਜਾਂਦੇ ਸਨ । ਕਈ ਵਾਰ ਇਸ ਧਿਰ ਦਾ ਮੁਖੀ ਕਿਸਾਨ ਦੇ ਪਿਆਲੇ ਦਾ ਸਾਂਝੀ ਵੀ ਬਣ ਜਾਂਦਾ ਸੀ, ਕਿਉਂ ਜੋ ਸਾਰੇ ਮਜ਼ਦੂਰ ਇਸਦੇ ਹੁਕਮ ਅਨੁਸਾਰ ਚੱਲਦੇ ਹਨ ਤੇ ਘੱਟੋ-ਘੱਟ ਫਸਲ ਦੀ ਸਾਂਭ ਸੰਭਾਲ ਤੇ ਤੁਲਾਈ ਵਿੱਚ ਮੁਖੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਇਹ ਧਿਰ ਕਈ ਵਾਰ ਮੁਨੀਮ ਨਾਲ਼ ਮਿਲਕੇ ਕਿਸਾਨ ਨੂੰ ਰਗੜਾ ਵੀ ਚਾੜ੍ਹ ਦਿੰਦੀ ਸੀ । ਹੰਢੀ ਵਰਤੀ ਉਮਰ ਵਾਲੇ ਕਿਸਾਨ ਤੁਲਾਈ ਦੇ ਮਾਮਲੇ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਸਨ । ਭਰੀਆਂ ਬੋਰੀਆਂ ਦੇ ਉੱਪਰ ਚੜ੍ਹਕੇ ਇੱਕ-ਇੱਕ ਬੋਰੀ ਤੇ ਪੈਰ ਧਰ ਕੇ ਗਿਣਤੀ ਕਰਦੇ ਸਨ ਤੇ ਉਸਦਾ ਕਾਲਜ ਪੜ੍ਹਦਾ ਮੁੰਡਾ ਕੀ ਕਰਦਾ ਹੈ, ਬਾਹਰ ਦੀ ਬੋਰੀਆਂ ਦੀ ਲਾਈਨ ਗਿਣ ਲਈ, ਦੇਖਿਆ ਦਸ ਦੀ ਲਾਈਨ ਹੈ । ਦੂਜੇ ਪਾਸੇ ਦੀ ਲਾਈਨ ਗਿਣ ਲਈ, ਬਾਰਾਂ ਹਨ । ਕੁੱਲ ਬੋਰੀਆਂ 10 ਗੁਣਾ 12=120 । ਬੋਰੀਆਂ ਦੀ ਤੀਜੀ ਲਾਈਨ ਤੇ ਚੜ੍ਹੇ ਫਿਰਦੇ ਬੁੜ੍ਹੇ ਨੂੰ ਦੇਖ ਮਨ ਹੀ ਮਨ ਹੱਸਦਾ ਹੈ ।

“ਲੈ, ਬੁੜ੍ਹਾ ਅਜੇ ਘੰਟਾ ਬੋਰੀਆਂ ਤੇ ਟਪੂਸੀਆਂ ਲਾਊ, ਆਪਾਂ ਗਿਣ ਕੇ ਅਹੁ ਮਾਰੀਆਂ”

ਹੁਣ “ਨੱਤੀਆਂ ਵਾਲੇ” ਨੂੰ ਕੌਣ ਸਮਝਾਏ ਕਿ ਵਿਚਾਲੇ ਕੋਈ ਲਾਈਨ ਦਸ ਦੀ ਬਜਾਏ ਗਿਆਰਾਂ ਦੀ ਹੋਈ ਤਾਂ ਫੇਰ ? ਲੱਗ ਗਈ ਨਾ ਇੱਕ ਬੋਰੀ ਦੀ ਕੁੰਡੀ । ਬੁੜ੍ਹਾ ਵਿਚਾਰਾ ਥੱਲੇ ਫਰਸ਼ ਤੇ ਨਰਮੇ ਦੀਆਂ ਫੁੱਟੀਆਂ ਚੁਗਦਾ ਫਿਰਦਾ ਹੈ ਤੇ ਮੁੰਡਾ, ਮਜ਼ਦੂਰਾਂ ਦੁਆਰਾ ਕੀਤੀ ਗਈ “ਕਾਕਾ ਜੀ” “ਕਾਕਾ ਜੀ” ਸੁਣ ਕੇ ਹੀ ਢਾਕਾਂ ਤੋਂ ਹੱਥ ਥੱਲੇ ਨਹੀਂ ਕਰਦਾ ।

ਅਗਲੀ ਧਿਰ ਜੋ ਮੰਡੀ ਵਿੱਚੋਂ ਕਮਾਈ ਕਰਦੀ ਸੀ, ਉਹ ਸੀ ਮੰਗਣ ਵਾਲੀਆਂ ਦੀ । ਫਸਲ ਆਉਣ ਦੀ ਖੁਸ਼ੀ ਆਉਣ ਦੀ ਖੁਸ਼ੀ ਵਿੱਚ ਨਸਿ਼ਆਇਆ ਜੱਟ ਇਹਨਾਂ ਨੂੰ ਰੁੱਗ ਭਰ ਕੇ ਦੇ ਵੀ ਦਿੰਦਾ ਸੀ । ਇਨ੍ਹਾਂ ਤੋਂ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਸੀ, ਕਿਉਂ ਜੋ ਢੇਰੀਆਂ ਵਿੱਚ ਤੁਰੇ ਜਾਂਦਿਆਂ ਜ਼ਰਾ ਝੁਕ ਕੇ ਰੁੱਗ ਭਰਨਾ ਤੇ ਆਪਣੀ ਝੋਲੀ ਜਾਂ ਬੋਰੀ ਵਿੱਚ ਸੁੱਟਣਾ, ਪਲਕ ਝਪਕਣ ਜੋਗੇ ਸਮੇਂ ਦਾ ਕੰਮ ਹੁੰਦਾ ਸੀ । ਕਈ ਵਾਰ ਤਾਂ ਤੜਕੇ ਪਤਾ ਚੱਲਦਾ ਕਿ ਵੱਡੇ ਢੇਰ ‘ਚੋਂ ਟੋਕਰੇ ਜਿੰਨ੍ਹਾਂ ਥਾਂ ਖਾਲੀ ਕੀਤਾ ਪਿਆ ਹੋਣਾ । ਕਈ ਵਾਰ “ਨੱਤੀਆਂ ਵਾਲੇ” ਵੀ ਸ਼ਾਮ ਨੂੰ ਝੋਲੀ ਨਰਮੇ/ਕਪਾਹ ਦੀ ਭਰਕੇ ਚੁੰਗ ਵਾਲੇ ਨੂੰ ਵੇਚਦੇ ਨਜ਼ਰ ਆਉਂਦੇ ਤਾਂ ਜੋ ਕੱਲੇ ਮੰਡੀ ‘ਚ ਹੋਣ ਦਾ ਫਾਇਦਾ ਉਠਾ ਸਕਣ । ਕਦੇ-ਕਦਾਈਂ ਕਿਸੇ ਢੇਰੀ ਤੇ ਰਜਾਈ ਹੇਠਾਂ ਮਹਿਸੂਸ ਹੁੰਦਾ ਜਿਵੇਂ ਕੁਸ਼ਤੀ ਚੱਲ ਰਹੀ ਹੋਵੇ । ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ । ਕਈਆਂ ਨੇ ਟੈਂਟ ਲਾ ਕੇ ਚਾਹ-ਰੋਟੀ ਦੇ ਢਾਬੇ ਬਣਾ ਰੱਖੇ ਹੁੰਦੇ । ਚਾਹ ਨਾਲ਼ ਬੇਸਣ ਵਾਲੀ ਬਰਫ਼ੀ ਹੁੰਦੀ ਤੇ ਮੁਨੀਮ ਚਾਹ ਦੀ ਥਾਂ ਦੁੱਧ ‘ਚ ਪੱਤੀ ਪੀ ਕੇ, ਦੋ ਕੱਪ ਚਾਹ ਦੀ ਪਰਚੀ ਢਾਬੇ ਵਾਲੇ ਨੂੰ ਦਿੰਦੇ ।

ਅੱਜ ਹਾਲਾਤ ਬਦਲ ਚੁੱਕੇ ਹਨ । ਆੜ੍ਹਤੀਆਂ ਦੇ ਮੁੰਡੇ ਆਪ ਹੋਰ ਕਾਰੋਬਾਰ ਲੱਭ ਰਹੇ ਹਨ । ਜੋ ਪੁਰਾਣੇ ਆੜ੍ਹਤੀਏ ਹਨ, ਉਹਨਾਂ ਨੂੰ ਚੱਤੋ-ਪਹਿਰ ਉਗਰਾਈ ਦਾ ਫਿਕਰ ਪਿਆ ਰਹਿੰਦਾ ਹੈ । “ਸੱਪ ਦੇ ਮੂੰਹ ਕੋਹੜ-ਕਿਰਲੀ” ਵਾਲਾ ਹਿਸਾਬ ਹੋਇਆ ਪਿਆ ਹੈ । ਨਾ ਛੱਡ ਸਕਦੇ ਹਨ ਨਾ ਨਿਗਲ ਸਕਦੇ ਹਨ ਭਾਵ ਜੇ ਆੜ੍ਹਤ ਛੱਡਦੇ ਹਨ ਤਾਂ ਉਗਰਾਈ ਮਰਦੀ ਹੈ, ਜੇ ਕਰਦੇ ਹਨ ਤਾਂ ਰੁਪਇਆ ਡੁੱਬਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ । ਜੇ ਉਗਰਾਈ ਲਈ ਜ਼ਬਰਦਸਤੀ ਕਰਦੇ ਹਨ ਤਾਂ ਅਗਲਾ ਯੂਨੀਅਨ ਦਾ ਘਰ ਦਿਖਾ ਦਿੰਦਾ ਹੈ । ਕਰਜ਼ੇ ਵਿੱਚ ਡੁੱਬਿਆ ਕਿਸਾਨ ਫਸਲ ਕਿਤੇ ਹੋਰ ਵੇਚ ਜਾਂਦਾ ਹੈ । ਜੇ ਆੜ੍ਹਤੀਆ ਕਚਿਹਰੀ ਦਾ ਆਸਰਾ ਤੱਕਦਾ ਹੈ ਤਾਂ ਦੁਕਾਨ ਅੱਗੇ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ । ਆੜ੍ਹਤੀਆਂ ਦੇ ਮੁੰਡੇ ਮੁਨੀਮੀ ਦਾ ਕੰਮ ਵੀ ਆਪ ਹੀ ਕਰਨ ਲੱਗ ਪਏ ਹਨ ਤਾਂ ਜੋ ਤਨਖਾਹ ਨਾ ਦੇਣੀ ਪਵੇ । ਹਰਿਆਣਵੀ ਜਾਂ ਰਾਜਸਥਾਨੀ ਮੰਡੀਆਂ ਦਾ ਰਸਤਾ ਜਿਵੇਂ ਭੁੱਲ ਹੀ ਗਏ ਹੋਣ । ਪੁਰਾਣੇ ਮੁਨੀਮ ਪਹਿਲੀ ਗੱਲ ਤਾਂ ਚੜ੍ਹਾਈ ਕਰ ਗਏ ਹਨ ਤੇ ਜੇ ਕੋਈ ਉਸ ਸਮੇਂ ਜਵਾਨੀ ਵਿੱਚ ਸੀ ਤਾਂ ਅੱਜ ਜਿਸ ਵੀ ਦੁਕਾਨ ਤੇ ਲੱਗਾ ਹੈ, ਆਪਣਾ ਟਾਈਮ ਪਾਸ ਕਰ ਰਿਹਾ ਹੈ । 31 ਮਾਰਚ ਨੂੰ ਮੁਲਾਜ਼ਮਾਂ ਦੀ ਹੋਣ ਵਾਲੀ ਉਥਲ ਪੁਥਲ ਤੇ ਤਨਖਾਹਾਂ ਦੇ ਵਾਧੇ ਜਾਂ ਵਾਧੇ ਦੇ ਲਾਰੇ ਬੀਤੇ ਸਮੇਂ ਦੀ ਗੱਲ ਬਣ ਚੁੱਕੇ ਹਨ । ਨਰਮੇ-ਕਪਾਹ ਦੀਆਂ ਫੈਕਟਰੀਆਂ ਅੱਵਲ ਤਾਂ ਬੰਦ ਹੋ ਚੁੱਕੀਆਂ ਹਨ ਤੇ ਜੋ ਹਨ, ਉਨ੍ਹਾਂ ਦੀ ਜਗ੍ਹਾ ਸ਼ੈਲਰਾਂ ਨੇ ਲੈ ਲਈ ਹੈ । ਕਾਰੋਬਾਰ ਖ਼ਤਮ ਹੋ ਰਹੇ ਹਨ । ਬਥੇਰੇ ਕਹਿੰਦੇ ਕਹਾਉਂਦੇ ਆੜ੍ਹਤੀਏ “ਉੱਡ” ਚੁੱਕੇ ਹਨ ਤੇ ਉਨ੍ਹਾਂ ਦੀਆਂ ਔਲਾਦਾਂ ਨੌਕਰੀ ਕਰ ਰਹੀਆਂ ਹਨ । ਕੱਲ ਤੱਕ ਜੋ ਫੈਕਟਰੀਆਂ ਦੇ ਮਾਲਕ ਸਨ, ਅੱਜ ਰੈਡੀਮੇਡ ਜਾਂ ਕਰਿਆਨੇ ਦੀਆਂ ਦੁਕਾਨਾਂ ਖੋਲੀ ਬੈਠੇ ਹਨ । ਮੰਡੀਆਂ ਤਾਂ ਵੱਡ-ਆਕਾਰੀ ਹਨ ਪਰ ਫਸਲਾਂ ਢੇਰ ਦੀ ਜਗ੍ਹਾ ਢੇਰੀਆਂ ਬਣ ਚੁੱਕੀਆਂ ਹਨ ।

Print this post

1 comment:

Gurwinder Singh said...

dear risi
it is true system and time always change. every sytem has a time and life after that he become history. now is time of multinational. what is wrong if government pay to farmer directly. labor clean wheat paddy,munam making receipt. work will be no reduce. change only payment will be paid directly farmers in place of commission agent. it is consumer culture that is attractive to farmers for enjoyment and spending lot of money of marriage and end of capturing their land in face of debtor. In end if Indian industrialist get benefit million of case of economic Crissie why is not farmer get relief the loan