ਆਓ ਜੀ ! ਪੰਜਾਬੀ ਟਾਈਪ ਸਿੱਖੀਏ..

ਅੱਜ ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨ ਦੇ ਵੱਖ ਵੱਖ ਢੰਗ ਤਰੀਕੇ ਵਰਤੇ ਜਾ ਰਹੇ ਹਨ । ਇਨ੍ਹਾਂ ਢੰਗ ਤਰੀਕਿਆਂ ਵਿਚੋਂ ਅੰਗ੍ਰੇਜ਼ੀ ਅੱਖਰਾਂ ‘ਚ ਟਾਈਪ ਕਰਕੇ ਪੰਜਾਬੀ ਆਪਣੇ ਆਪ ਬਣਨ ਵਾਲਾ ਤਰੀਕਾ ਵੀ ਬਹੁਤ ਪ੍ਰਚੱਲਤ ਹੈ । ਉਦਾਹਰਣ ਦੇ ਤੌਰ ਤੇ ਜੇਕਰ ਅੰਗ੍ਰੇਜ਼ੀ ‘ਚ “Mein Punjabi type karna chahunda haan” ਟਾਈਪ ਕੀਤਾ ਜਾਵੇ ਤਾਂ ਸਾਫ਼ਟਵੇਅਰ ਜਾਂ ਵੈੱਬਸਾਈਟ ਉਸਨੂੰ ਪੰਜਾਬੀ ‘ਚ ਇੰਝ ਬਦਲ ਦੇਵੇਗੀ “ਮੈਂ ਪੰਜਾਬੀ ਟਾਈਪ ਕਰਨਾ ਚਾਹੁੰਦਾ ਹਾਂ” ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਜਾਂ ਵੈੱਬਸਾਈਟਾਂ ਦੁਆਰਾ ਟਾਈਪ ਕੀਤੀਆਂ ਗਈਆਂ ਲਿਖਤਾਂ ‘ਚ ਸ਼ਬਦਾਂ ਤੇ ਮਾਤਰਾਵਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਦੇਖਣ ‘ਚ ਆਉਂਦੀਆਂ ਹਨ ਜੋ ਕਿ ਇੱਕ ਚੰਗੀ ਭਲੀ ਰਚਨਾ ਦੀ ਨਾਸ ਮਾਰਨ ‘ਚ ਆਪਣਾ ਪੂਰਾ ਪੂਰਾ ਯੋਗਦਾਨ ਪਾਉਂਦੀਆਂ ਹਨ । ਕਈ ਵੈੱਬਸਾਈਟਾਂ ਤੇ ਮੈਗਜ਼ੀਨਾਂ ‘ਚ ਵੀ ਅਜਿਹੀਆਂ ਰਚਨਾਵਾਂ ਅਕਸਰ ਪੜ੍ਹਣ ਨੂੰ ਮਿਲ ਜਾਂਦੀਆਂ ਹਨ । ਅਜਿਹੀਆਂ ਰਚਨਾਵਾਂ ‘ਚ ਜਾਣਕਾਰੀ ਦੀ ਅਣਹੋਂਦ ‘ਚ ਸ਼ਬਦਾਂ / ਮਾਤਰਾਵਾਂ ਦੀ ਗ਼ਲਤੀ ਤੇ ਟਾਈਪਿੰਗ ਦੀ ਗ਼ਲਤੀ ਦਾ ਫ਼ਰਕ ਸਹਿਜ ਸੁਭਾ ਹੀ ਨਿਗ੍ਹਾ ‘ਚ ਆ ਜਾਂਦਾ ਹੈ । ਇਹ ਲੇਖ਼ ਲਿਖਣ ਦਾ ਦੂਸਰਾ ਕਾਰਣ ਹੈ ਕਿ ਬਹੁਤ ਸਾਰੇ ਚੋਟੀ ਦੇ ਲੇਖਕ ਜਾਂ ਸ਼ਾਇਰ ਅੱਜ ਦੇ ਆਧੁਨਿਕ ਯੁੱਗ ‘ਚ ਵੀ ਕਾਗਜ਼ ਕਲਮ ਨਾਲ਼ ਹੀ ਆਪਣੀ ਲੇਖਣੀ ਹੋਂਦ ‘ਚ ਲਿਆ ਰਹੇ ਹਨ । ਲੇਖਣੀ ਦੇ ਖੇਤਰ ‘ਚ ਕਾਗਜ਼ ਕਲਮ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਆਪਣੀ ਜਾਣਕਾਰੀ ‘ਚ ਥੋੜਾ ਵਾਧਾ ਕਰਕੇ ਆਪਣੀ ਮਿਹਨਤ ਨੂੰ ਘਟਾਇਆ ਜਾ ਸਕੇ ਤਾਂ ਬੁਰਾ ਵੀ ਕੀ ਹੈ ? ਉਦਾਹਰਣ ਦੇ ਤੌਰ ‘ਤੇ ਇੱਕ ਸ਼ਾਇਰ ਨੂੰ ਆਪਣੀ ਨਵੀਂ ਰਚਨਾ ਸੋਧਣ ਲਈ ਵਾਰ-ਵਾਰ ਕਾਗਜ਼ ਤੇ ਲਿਖਣਾ ਪੈਂਦਾ ਹੈ । ਕੀ ਇਹ ਚੰਗਾ ਨਹੀਂ ਹੋਵੇਗਾ ਕਿ ਜੇਕਰ ਉਹ ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਸਿੱਖ ਲਵੇ ਤੇ ਇੱਕ ਵਾਰ ਰਚਨਾ ਟਾਈਪ ਕਰਕੇ ਉਸ ‘ਚ ਹੀ ਕੱਟ ਵੱਢ ਕਰਕੇ ਆਪਣੇ ਸਮੇਂ ਤੇ ਮਿਹਨਤ ਦੀ ਬੱਚਤ ਕਰੇ ?

ਅਗਲੀ ਵਿਚਾਰਯੋਗ ਗੱਲ ਇਹ ਹੈ ਕਿ ਪੰਜਾਬੀ ਟਾਈਪਿੰਗ ਯੂਨੀਕੋਡ ‘ਚ ਕੀਤੀ ਜਾਵੇ ਜਾਂ ਸਧਾਰਨ ਫੌਂਟ ‘ਚ । ਬਹੁਤ ਸਾਰੇ ਮਾਹਿਰ ਵਿਦਵਾਨ ਯੂਨੀਕੋਡ ਦੇ ਹੱਕ ‘ਚ ਵੋਟ ਭੁਗਤਾ ਰਹੇ ਹਨ । ਯੂਨੀਕੋਡ ਦੀ ਟਾਈਪਿੰਗ ਕੁਝ ਔਖੀ ਜ਼ਰੂਰ ਹੈ, ਪਰ ਉਸਦੇ ਨਾਲ਼ ਦੀ ਰੀਸ ਵੀ ਨਹੀਂ । ਇੱਥੇ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਇਹ ਲੇਖ਼ ਲਿਖਣ ਦਾ ਮਕਸਦ ਸਧਾਰਨ ਫੌਂਟ ਦੇ ਹੱਕ ਜਾਂ ਯੂਨੀਕੋਡ ਦੇ ਵਿਰੋਧ ‘ਚ ਵੋਟ ਭੁਗਤਾਉਣਾ ਨਹੀਂ ਬਲਕਿ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਸਹੂਲੀਅਤ ਲਈ ਜਾਣਕਾਰੀ ਦੇਣਾ ਹੈ । ਅੱਜਕੱਲ ਬਹੁਤ ਸਾਰੀਆਂ ਪੰਜਾਬੀ ਵੈੱਬਸਾਈਟਾਂ ਯੂਨੀਕੋਡ ‘ਚ ਚਲਾਈਆਂ ਜਾ ਰਹੀਆਂ ਹਨ । ਜੇਕਰ ਯੂਨੀਕੋਡ ਤੇ ਸਧਾਰਨ ਫੌਂਟ ਦਾ ਫ਼ਰਕ ਸਮਝਣਾ ਹੋਵੇ ਤਾਂ ਮੋਟੇ ਜਿਹੇ ਤੌਰ ਤੇ ਗੱਲ ਏਨੀ ਕੁ ਹੈ ਕਿ ਯੂਨੀਕੋਡ ਵਾਲੀ ਵੈੱਬਸਾਈਟ ਲਈ ਕਿਸੇ ਕਿਸਮ ਦੇ ਫੌਂਟ ਨੂੰ ਕੰਪਿਊਟਰ ‘ਚ ਲੋਡ ਕਰਨ ਦੀ ਜ਼ਰੂਰਤ ਨਹੀਂ, ਜਦ ਕਿ ਸਧਾਰਣ ਫੌਂਟ ਵਾਲੀਆਂ ਵੈੱਬਸਾਈਟਾਂ ਲਈ ਸੰਬੰਧਤ ਫੌਂਟ ਦਾ ਹੋਣਾ ਜ਼ਰੂਰੀ ਹੈ । ਜੇਕਰ ਕਿਸੇ ਕੋਲ ਫੌਂਟ ਨਾ ਹੋਵੇ ਤਾਂ ਗੂਗਲ ‘ਚ ਫੌਂਟ ਦਾ ਨਾਮ ਲਿਖ ਕੇ ਲੱਭਿਆ ਜਾ ਸਕਦਾ ਹੈ । ਮੈਂ ਆਪਣੇ ਪਾਠਕਾਂ ਨੂੰ ਡੀ.ਆਰ. ਚਾਤ੍ਰਿਕ ਫੌਂਟ ਨਾਲ਼ ਪੰਜਾਬੀ ਟਾਈਪਿੰਗ ਕਰਨ ਬਾਰੇ ਜਾਣਕਾਰੀ ਦੇਣਾ ਬਿਹਤਰ ਸਮਝਦਾ ਹਾਂ । ਇਸਦਾ ਵੀ ਬੜਾ ਅਹਿਮ ਕਾਰਣ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਲੇਖਕਾਂ ‘ਚ ਇਹ ਫੌਂਟ ਬਹੁਤ ਹਰਮਨਪਿਆਰਾ ਹੋਣ ਦੇ ਨਾਲ਼ ਨਾਲ਼ ਸਿੱਖਣਾ ਤੇ ਟਾਈਪ ਕਰਨਾ ਵੀ ਬਹੁਤ ਆਸਾਨ ਹੈ । ਦੂਜਾ ਕਾਰਣ ਜੋ ਕਿ ਮੈਂ ਆਪਣੇ ਤਜ਼ਰਬੇ ਨਾਲ਼ ਦੱਸ ਰਿਹਾ ਹਾਂ, ਇਹ ਹੈ ਕਿ ਕਈ ਵਾਰ ਅਸੀਂ ਆਪਣੀ ਰਚਨਾ ਵੈੱਬਸਾਈਟ ਦੇ ਨਾਲ਼ ਨਾਲ਼ ਅਖ਼ਬਾਰ ਜਾਂ ਮੈਗਜ਼ੀਨ ਨੂੰ ਵੀ ਭੇਜਣਾ ਚਾਹੁੰਦੇ ਹਾਂ । ਕਈ ਵਾਰ ਜਦ ਮੈਂ ਆਪਣੀਆਂ ਰਚਨਾਵਾਂ ਯੂਨੀਕੋਡ ‘ਚ ਅਖ਼ਬਾਰਾਂ/ਮੈਗਜ਼ੀਨਾਂ ਨੂੰ ਭੇਜੀਆਂ ਤਾਂ ਉਨ੍ਹਾਂ ਸਧਾਰਣ ਫੌਂਟ ‘ਚ ਰਚਨਾਵਾਂ ਭੇਜਣ ਲਈ ਕਿਹਾ, ਕਿਉਂ ਜੋ ਯੂਨੀਕੋਡ ‘ਚ ਅਖ਼ਬਾਰ ਆਦਿ ਪ੍ਰਿੰਟ ਨਹੀਂ ਹੁੰਦੇ । ਵੈੱਬਸਾਈਟਾਂ ਲਈ ਸਧਾਰਣ ਫੌਂਟ ਨੂੰ ਯੂਨੀਕੋਡ ‘ਚ ਬਦਲਣਾ ਸਕਿੰਟਾਂ ਦੀ ਖੇਡ ਹੈ । ਵੈੱਬਸਾਈਟਾਂ ਤੇ ਯੂਨੀਕੋਡ ਤਬਦੀਲ ਕਰਨ ਸਮੇਂ ਕਈ ਵਾਰ ਕੁਝ ਅਜੀਬ ਤਰ੍ਹਾਂ ਦੇ ਅੱਖਰ ਵੀ ਬਣ ਜਾਂਦੇ ਹਨ । ਮੇਰੇ ਕੋਲ ਉਸਦਾ ਵੀ ਇਲਾਜ ਹੈ । ਜੇਕਰ ਕਿਸੇ ਸੱਜਣ ਨੂੰ ਇਹ ਸਾਫ਼ਟਵੇਅਰ (ਮੁਫ਼ਤ) ਚਾਹੀਦਾ ਹੋਵੇ ਤਾਂ ਈ ਮੇਲ ਕਰ ਸਕਦਾ ਹੈ । ਫੇਸਬੁੱਕ ਆਦਿ ਤੇ ਜੋ ਪੰਜਾਬੀ ਲਿਖੀ ਹੁੰਦੀ ਹੈ, ਉਹ ਵੀ ਯੂਨੀਕੋਡ ‘ਚ ਤਬਦੀਲ / ਟਾਈਪ ਕੀਤੀ ਹੁੰਦੀ ਹੈ ।

ਜਿਵੇਂ ਕਿ ਉੱਪਰ ਜਿ਼ਕਰ ਕਰ ਆਇਆ ਹਾਂ ਕਿ ਡੀ.ਆਰ. ਚਾਤ੍ਰਿਕ ਫੌਂਟ ‘ਚ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਤੁਹਾਡੇ ਕੰਪਿਊਟਰ ‘ਚ ਫੌਂਟ ਦਾ ਲੋਡ ਹੋਣਾ ਜ਼ਰੂਰੀ ਹੈ । ਟਾਈਪ ਕਰਨ ਲਈ ਨੋਟ ਪੈਡ, ਵਰਡ ਪੈਡ ਜਾਂ ਮਾਈਕਰੋਸਾਫ਼ਟ ਵਰਡ ਕੋਈ ਵੀ ਸਾਫ਼ਟਵੇਅਰ ਵਰਤ ਸਕਦੇ ਹੋ । ਮਾਈਕਰੋਸਾਫ਼ਟ ਵਰਡ ਖੋਲ ਕੇ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਡੀ.ਆਰ. ਚਾਤ੍ਰਿਕ ਫੌਂਟ ਸਲੈਕਟ ਕਰੋ ।
ਹੁਣ ਜੋ ਕੁਝ ਵੀ ਤੁਸੀਂ ਟਾਈਪ ਕਰੋਗੇ, ਉਹ ਪੰਜਾਬੀ ‘ਚ ਹੋਵੇਗਾ । ਟਾਈਪ ਕਰਨ ਤੋਂ ਪਹਿਲਾਂ ਧਿਆਨ ਦਿਓ ਕਿ ਤੁਹਾਡੇ ਕੀ ਬੋਰਡ ਦਾ ਕੈਪਸ ਲੌਕ ਬਟਨ ਹਮੇਸ਼ਾ ਔਫ਼ ਹੋਣਾ ਚਾਹੀਦਾ ਹੈ ।
ਆਓ ! ਹੁਣ ਆਪਾਂ ਪੰਜਾਬੀ ਟਾਈਪਿੰਗ ਦਾ ਪਹਿਲਾ ਸਬਕ ਸਿੱਖੀਏ । ਹੇਠਾਂ ਪੰਜਾਬੀ ਅੱਖਰਾਂ ਦੇ ਥੱਲੇ ਕੀ ਬੋਰਡ ਦੇ ਉਹ ਅੱਖਰ ਲਿਖੇ ਹਨ, ਜਿਨ੍ਹਾਂ ਨਾਲ਼ ਪੰਜਾਬੀ ਦਾ ਅੱਖਰ ਟਾਈਪ ਹੋਵੇਗਾ, ਮਸਲਨ “ਸਿ਼ਫ਼ਟ ਬਟਨ” ਦੇ ਨਾਲ਼ “ਏ” ਨੱਪਣ ਨਾਲ਼ “ੳ”, ਕੱਲਾ “ਏ” ਬਟਨ ਨੱਪਣ ਨਾਲ਼ “ਅ”, ਕੱਲੇ “ਕੇ” ਬਟਨ ਨਾਲ਼ “ਕੱਕਾ” ਸਿ਼ਫ਼ਟ ਦੇ ਨਾਲ਼ “ਕੇ” ਬਟਨ ਨਾਲ਼ “ਖੱਖਾ” ਟਾਈਪ ਹੋਵੇਗਾ । ਤੁਸੀਂ ਇਸੇ ਤਰ੍ਹਾਂ ਕ੍ਰਮਵਾਰ ੳ, ਅ, ੲ, ਸ, ਹ ਟਾਈਪ ਕਰਨੇ ਹਨ । ਜਦੋਂ ਪਹਿਲੀ ਲਾਈਨ ਜੁ਼ਬਾਨੀ ਯਾਦ ਹੋ ਜਾਵੇ, ਉਦੋਂ ਹੀ ਅਗਲੀ ਲਾਈਨ ਸ਼ੁਰੂ ਕਰਨੀ ਹੈ । ਇੱਕ ਲਾਈਨ ਕਰੀਬ ਦਸ ਵਾਰੀ ਟਾਈਪ ਕਰਨ ਨਾਲ਼ ਯਾਦ ਹੋ ਜਾਣੀ ਚਾਹੀਦੀ ਹੈ । ਜੇਕਰ ਨਾਂ ਯਾਦ ਹੋਵੇ ਤਾਂ ਕਾਹਲੀ ਨਹੀਂ ਕਰਨੀਂ, ਕੁਝ ਮਿਹਨਤ ਹੋਰ ਕਰ ਲੈਣੀ ਬਿਹਤਰ ਹੋਵੇਗੀ । ਯਾਦ ਰੱਖੋ ਜਿੰਨਾਂ ਗੁੜ ਪਾਓਗੇ, ਉਤਨਾਂ ਹੀ ਮਿੱਠਾ ਹੋਵੇਗਾ ।

ਲਓ ਜੀ ! ਇਹ ਸੀ ਪਹਿਲਾ ਸਬਕ, ਹੁਣ ਸ਼ੁਰੂ ਹੋ ਜਾਓ ।

ੳ ਅ ੲ ਸ ਹ
A a e s h

ਕ ਖ ਗ ਘ
k K g G

ਚ ਛ ਜ ਝ
c C j J

ਟ ਠ ਡ ਢ ਣ
t T z Z x

ਤ ਥ ਦ ਧ ਨ
q Q d D n

ਪ ਫ ਬ ਭ ਮ
p P b B m

ਯ ਰ ਲ ਵ ੜ
X r l v V

ਇਹ ਅੱਖਰ ਯਾਦ ਕਰਨ ਤੋਂ ਬਾਅਦ ਸ਼ਬਦ ਲਿਖਣ ਦਾ ਅਭਿਆਸ ਕਰਨਾ ਹੁੰਦਾ ਹੈ । ਇਹ ਸ਼ਬਦ ਬਿਨਾਂ ਮਾਤਰਾਵਾਂ ਦੇ ਹੋਣੇ ਚਾਹੀਦੇ ਹਨ । ਉਦਾਹਰਣ ਦੇ ਤੌਰ ਤੇ ਕਲਮ, ਹਲ, ਘਰ, ਮਟਰ, ਬਟਨ ਆਦਿ ।

ਅਗਲਾ ਸਬਕ ਮਾਤਰਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ । ਧਿਆਨ ਰਹੇ ਅੰਗ੍ਰੇਜ਼ੀ ਦੇ ਛੋਟੇ ਤੇ ਵੱਡੇ (ਸਮਾਲ ਤੇ ਕੈਪੀਟਲ) ਅੱਖਰ ਦਾ ਫ਼ਰਕ ਬਹੁਤ ਮਹੱਤਵਪੂਰਨ ਹੈ ।

ਾ (ਕੰਨਾ) f ਾਂ (ਕੰਨੇ ‘ਤੇ ਬਿੰਦੀ) F ੱ (ਅੱਧਕ) w ੰ (ਟਿੱਪੀ) M

ੇ (ਲਾਵਾਂ) y ੈ (ਦੁਲਾਵਾਂ) Y ੁ (ਔਂਕੜ) u ੂ (ਦੁਲੈਂਕੜ) U ਿ(ਸਿਹਾਰੀ) i

ੀ (ਬਿਹਾਰੀ) I ੋ (ਹੋੜਾ) o ੌ (ਕਨੌੜਾ) O ਂ (ਬਿੰਦੀ) N ਼ (ਪੈਰ ‘ਚ ਬਿੰਦੀ) L

ਓ (ਖੁੱਲੇ ਮੂੰਹ ਵਾਲਾ ਊੜਾ) E

ਇੱਕ ਵਾਰੀ ‘ਚ ਇੱਕ ਮਾਤਰਾ ਦਾ ਅਭਿਆਸ ਹੀ ਕਰੋ । ਇੱਕ ਹੋਰ ਮਹੱਤਵਪੂਰਣ ਗੱਲ, ਕਦੀ ਕਦੀ ਸਾਨੂੰ ੳ ਨਾਲ਼ ਅੱਧਕ ਲਿਖਣੀ ਪੈ ਜਾਂਦੀ ਹੈ ਜਿਵੇਂ ਕਿ “ਉੱਪਰ” ਸ਼ਬਦ ਲਿਖਣਾ ਹੋਵੇ ਤਾਂ “ਅੱਧਕ” “ੳ” ਵਿੱਚ ਮਿਕਸ ਹੋ ਸਕਦੀ ਹੈ । ਹੁਣ ਇਸਨੂੰ ਸਹੀ ਢੰਗ ਨਾਲ਼ ਲਿਖਣ ਲਈ ਇਹ ਬਟਨ ਨੱਪਣੇ ਹਨ AuWpr ਨਾ ਕਿ Auwpr ਯਾਨਿ ਕਿ ੳ ਤੋਂ ਬਾਅਦ ਅੱਧਕ ਲਿਖਣ ਲਈ ਸਿ਼ਫ਼ਟ ਨਾਲ਼ ਡਬਲਯੂ ਬਟਨ ਨੱਪਣਾ ਹੈ । ਜਦ ਸਾਰੀਆਂ ਮਾਤਰਾਵਾਂ ਯਾਦ ਹੋ ਜਾਣ ਤਾਂ ਪੰਜਾਬੀ ਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਲੈ ਕੇ ਟਾਈਪ ਕਰਨਾ ਸ਼ੁਰੂ ਕਰ ਦਿਓ । ਜੇਕਰ ਮਨ ਮਾਰ ਕੇ ਹੰਭਲਾ ਮਾਰੋ ਤਾਂ ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨਾ ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟਿਆਂ ਦੀ ਹੀ ਖੇਡ ਹੋਵੇਗੀ । ਇੱਕੋ ਹੀ ਗੱਲ ਯਾਦ ਰੱਖਣ ਯੋਗ ਹੈ, “ਕਰਤ ਕਰਤ ਅਭਿਆਸ ਕੇ ਜੜਵਤ ਹੋਤ ਸੁਜਾਨ” ।
****

Print this post

1 comment:

ਗੁਰਪ੍ਰੀਤ ਸਿੰਘ said...

ਬਹੁਤ ਚੰਗਾ ੳਪਰਾਲਾ ਕੀਤਾ ਏ ਭਾਅ ਜੀ।

ਬੜੀ ਮਿਹਰਬਾਨੀ !